Tuesday, January 17, 2012

ਵੱਖਰੀ ਕਵਿਤਾ o ਅੰਬਰੀਸ਼


ਚੰਗੀ ਕਵਿਤਾ ਪੜ੍ਹਦਿਆਂ ਤੁਹਾਡਾ ਖ਼ੁਦ ਲਿਖਣ ਨੂੰ ਜੀਅ ਕਰਦਾ ਹੈ । ਤੁਹਾਡੇ ਅੰਦਰ ਸ਼ਬਦਾਂ ਤੇ ਆਪਣੀ ਭਾਸ਼ਾ ਪ੍ਰਤੀ ਪਿਆਰ ਹੋਰ ਵੀ ਠਾਠਾਂ ਮਾਰਦਾ ਹੈ । ਤੁਸੀਂ ਵਸਤਾਂ ਅਤੇ ਵਿਹਾਰਾਂ ਨੂੰ ਗਾੜ੍ਹੇ ਰੰਗਾਂ ਚ ਦਿਸਦਿਆਂ ਹੁੰਦਿਆਂ ਮਹਿਸੂਸ ਕਰਦੇ ਹੋਂ । ਇੰਜ ਦੀ ਹੈ ਗੁਰਪ੍ਰੀਤ ਦੀ ਕਵਿਤਾ । ਇਹਦੇ ਚ ਤਾਜ਼ਗੀ ਦੀ ਖੁਸ਼ਬੋ ਹੈ । ਤਵਿਓਂ ਲੱਥਦੀ ਰੋਟੀ , ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਕਿਤੋਂ ਦੂਰੋਂ ਆਉਂਦੀ ਭਿੱਜੀ ਹਵਾ ਦੀ । ਇਹ ਉਹਦੇ ਖ਼ੁਦ ਜਿਹੀ ਹੀ ਸੱਚੀ , ਮਿਤਭਾਸ਼ੀ ਤੇ ਪਾਰਦਰਸ਼ੀ ਹੈ ।
                 ਕਣਕ ਦੇ ਦਾਣਿਆਂ ਜਿੱਡੇ ਹੰਝੂ ਤੇ ਹਰੇ ਰੰਗ ਦੀ ਛਾਂ ਵਰਗੇ ਬਿੰਬ ਉਹਦੀਆਂ ਕਵਿਤਾਵਾਂ ਨੂੰ ਗਾਉਣੇ ਲਾ ਦਿੰਦੇ ਨੇ ।
                    ਮੈਨੂੰ ਉਹਦੀ ਕਵਿਤਾ ਚੋਂ ਕਿਤੇ ਕਿਤੇ ਪਰਬੁੱਧਤਾ , ਬੋਧ ਪਾ ਚੁੱਕੇ ਮਨੁੱਖ ਦੇ ਝਲਕਾਰੇ ਪੈਂਦੇ ਨੇ । ਉਹ ਪੰਜਾਬੀ ਸੁਭਾਅ ਅਤੇ ਪ੍ਰਚੱਲਿਤ ਪੰਜਾਬੀ ਕਵਿਤਾ ਤੋਂ ਵੱਖਰੀ ਕਵਿਤਾ ਲਿਖਦਾ ਹੈ , ਤਾਹੀਓਂ ਸੌਆਂ ਚੋਂ ਇਕ ਹੈ । ਉਸਨੂੰ ਸਥੂਲ ਵਸਤੂਆਂ ਨੂੰ ਆਪਣੀ ਕਵਿਤਾ ਚ ਮੜ੍ਹ ਕੇ ਉਨ੍ਹਾਂ ਨੂੰ ਪਰਵਾਜ਼ ਦੇਣਾ ਆਉਂਦਾ ਹੈ । ਸੇਬ , ਟਮਾਟਰ , ਪੱਥਰ , ਮੀਲ-ਪੱਥਰ , ਹੱਸਪੁਰਾ... ਸਭ ਆਪਣੀਆਂ ਹੱਦਾਂ ਉਲੰਘ ਕੇ ਹੋਰ ਸੰਸਾਰਾਂ ਚ ਪੁੱਜ ਜਾਂਦੇ ਨੇ , ਉਨ੍ਹਾਂ ਦਾ ਰੂਪਾਂਤਰਨ ਹੋ ਜਾਂਦਾ ਹੈ ।
               ਖਗੋਲ ਸਾਸ਼ਤਰੀ ਕਹਿੰਦੇ ਨੇ ਕਿ ਬ੍ਰਹਿਮੰਡ ਚ , ਚੰਨ , ਸੂਰਜ ਤੇ ਅਸੰਖ ਤਾਰਿਆਂ ਦੇ ਨਾਲ ਭਰੇ ਦਿਸਦੇ ਹੋਣ ਦੇ ਬਾਵਜੂਦ , ਭਰੀਆਂ ਨਾਲੋਂ ਖਾਲੀ ਥਾਵਾਂ ਖੇਤਰਫਲ ਚ ਕਿਤੇ ਜ਼ਿਆਦਾ ਨੇ ; ਅੱਸੀ-ਵੀਹ ਦੇ ਅਨੁਪਾਤ ਚ । ਗੁਰਪ੍ਰੀਤ ਦੀ ਕਵਿਤਾ ਦੇ ਬ੍ਰਹਿਮੰਡ ਚ ਵੀ ਲਫਜਾਂ ਨਾਲੋਂ ਜ਼ਿਆਦਾ ਭੇਦ-ਭਰੀਆਂ ਤੇ ਮਾਵਿਨਾਖੇਜ਼ ਖ਼ਾਲੀ ਥਾਵਾਂ ਦੀ ਅਨੁਪਾਤ ਵੱਧ ਹੈ । ਇਸੇ ਕਾਰਨ ਜਾਂ ਇਸਦੇ ਫਲਸਰੂਪ ਉਹਦੀਆਂ ਕਵਿਤਾਵਾਂ ਚ ਹਾਇਕੂਨੁਮਾ ਸੰਖੇਪਤਾ ਹੈ ।
               ਜੱਗ-ਜਹਾਨ ਦੀਆਂ ਗੱਲਾਂ ਕਰਦੀਆਂ ਇਹ ਕਵਿਤਾਵਾਂ ਚੌਮਾਸੇ ਚ ਪੁਰੇ ਦੇ ਬੁੱਲਿਆਂ ਜਿਹੀਆਂ ਨੇ । ਮੈਂ , ਪਿਆਰ , ਜਿਸਮ , ਯੋਨੀ ਤੇ ਵਾਕਵਾਦੀ ਉਪਭਾਵੁਕਤਾ ਨਾਲ ਬੋਝਿਲ ਹੁਣ ਲਿਖੀ ਜਾ ਰਹੀ ਬਹੁਤੀ ਪੰਜਾਬੀ ਕਵਿਤਾ ਤੋਂ ਇਹ ਵੱਖ ਤੇ ਪਰੇ ਨੇ । ਨਾਲ ਹੀ , ਉਹਨੂੰ ਰੁੱਖਾਂ , ਗਲੇਸ਼ੀਅਰਾਂ , ਧਰਤੀ ਹੇਠਲੇ ਪਾਣੀ , ਡੱਡੂਆਂ , ਇਸ ਧਰਤੀ ਦਾ ਫਿਕਰ ਹੈ । ਇਸ ਤਰ੍ਹਾਂ ਉਹ ਪਰਿਆਵਰਨ-ਚੇਤਨ ਪੰਜਾਬੀ ਕਵਿਤਾ ਦੀ ਇਕ ਨਵੀਂ ਲਹਿਰ ਦਾ ਵੀ ਹਿੱਸਾ ਹੈ ।

No comments:

Post a Comment