Thursday, January 5, 2012

ਸਿਆਹੀ ਘੁਲ਼ੀ ਹੈ

       ਕਵਿਤਾ ਬਾਰੇ ਮੈਂ ਬਹੁਤਾ ਨਹੀਂ ਜਾਣਦਾ ਤੇ ਅਪਣੀ ਕਵਿਤਾ ਬਾਰੇ ਤਾਂ ਭੋਰਾ ਵੀ ਨਹੀਂ । ਇਹ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ ਹਾਂ, ਉਹੀ ਕਰ ਰਿਹਾ ਹਾਂ ਜਿਹੜੀਆਂ ਮੈਂ ਕਵਿਤਾ ਲਿਖਦਿਆਂ ਪੜ੍ਹਦਿਆਂ ਗਾਹੇ ਵਗਾਹੇ ਮਹਿਸੂਸ ਕੀਤੀਆਂ ਹਨ ।
               ਕਵਿਤਾ ਦਾ ਸਫਰ ਅਪਣੀ ਇਕ ਕਵਿਤਾ ਰਾਹੀਂ ਹੀ ਸਾਂਝਾ ਕਰਦਾ ਹਾਂ :

ਮੇਰੇ ਅੰਦਰ
ਇਕ ਧਰਤੀ ਹੈ
ਜਿਸ ਨੂੰ ਮੈਂ ਰੋਜ਼ ਲੱਭਦਾ ਹਾਂ
ਤੇ ਗੁੰਮ ਜਾਣ ਦਿੰਦਾ ਹਾਂ

          ਇਸ ਧਰਤੀ ਨੂੰ ਕਿਹੜਾ ਮੈਂ ਜਾਣਦਾ ਹਾਂ , ਇਹਦੇ ਨਾਲ ਮੇਰਾ ਕਿਹੋ ਜਿਹਾ ਰਿਸ਼ਤਾ ਹੈ ।ਇਹ ਮੇਰੀ ਪਕੜ 'ਚ ਆਉਂਦੀ ਆਉਂਦੀ ਰਹਿ ਜਾਂਦੀ ਹੈ। ਇਹਦਾ ਆਕਾਰ ਰੰਗ ਰੂਪ ਦਾ ਐਵੇਂ ਝੌਲਾ ਜਿਹਾ ਹੀ ਪੈਂਦਾ ਹੈ ।ਇਹ ਬੁੱਝ ਕੇ ਅਬੁੱਝ ਰਹਿੰਦੀ ਹੈ , ਸਮਝ ਆ ਕੇ ਵੀ ਅਸਮਝੀ ।ਸ਼ਾਇਦ ਇਹੋ ਕਵਿਤਾ ਹੈ , ਉਹ ਕਣ ਜੋ ਬਹੁਤ ਹੇਠਾਂ ਦੱਬਿਆ ਕਦੇ ਕਦੇ ਬਾਹਰ ਆਉਂਦਾ ਹੈ , ਚਾਨਣ ਦਾ ਇਕ ਟਿਮਕਣਾ ।ਹਰ ਸ਼ੈਅ ਨੂੰ ਸਜ਼ਾ ਕੇ ,ਚਿਣ ਕੇ ਰੱਖ ਦਿੰਦਾ ਹੈ , ਸ਼ਾਇਦ ਇਹ ਹਨੇਰਾ ਹੈ ਜੋ ਹਰ ਸ਼ੈਅ ਨੂੰ ਢਕ ਦਿੰਦਾ ਹੈ ।ਅਪਣੇ ਅੰਦਰਲੀ ਧਰਤੀ ਨੂੰ ਲੱਭਣ ਤੇ ਗੁੰਮ ਜਾਣ ਦੀ ਖੇਡ ਹਰ ਪਲ ਅਪਣੇ ਆਪ ਨੂੰ ਨਵੇਂ ਸਿਰੇ ਤੋਂ ਬਣਾਉਣ ਮਿਟਾਉਣ ਦਾ ਕਾਰਜ ਹੈ ।ਜਾਪਾਨੀ ਸ਼ਾਇਰਾ ਮਾਚੀ ਤਵਾਰਾ ਦੀ ਗੱਲ ਯਾਦ ਆਉਂਦੀ ਹੈ : ਜਿਉਣ ਵਿਚ ਕਵਿਤਾ ਦੀ ਸਿਰਜਣਾ ਪਈ ਹੈ ਤੇ ਕਵਿਤਾ ਸਿਰਜਣ ਵਿਚ ਜਿਉਣਾ ਪਿਆ ਹੈ ।
              ਕਵਿਤਾ ਕਰਕੇ ਮੈਂ ਕਵੀ ਹਾਂ ।ਇਸੇ ਕਰਕੇ ਕਈ ਵਾਰ ਆਮ ਤੋਂ ਖਾਸ ਆਦਮੀ ਬਣ ਜਾਂਦਾ ਹਾਂ ਤੇ ਕਈ ਵਾਰ ਖਾਸ ਤੋਂ ਆਮ।ਪਰ ਇਹਦਾ ਅਸਲ ਕੰਮ ਆਮ ਤੇ ਖਾਸ ਤੋਂ ਪਾਰ ਲੈ ਕੇ ਜਾਣਾ ਹੈ।ਕਵਿਤਾ ਦੇ ਸਿਰਜਣ ਪਲ ਅਜਿਹੇ ਸੰਸਾਰ 'ਚ ਲੈ ਜਾਂਦੇ ਹਨ । ਤੇ ਇਹਨਾ ਪਲਾਂ ਦਾ ਆਨੰਦ ਉਹੀ ਜਾਣਦੇ ਹਨ ,ਜੋ ਇਹਨਾ ਨੂੰ ਮਾਣਦੇ ਹਨ ।ਇਹ ਪਲ ਕਈ ਵਾਰ ਕਵਿਤਾ ਪੜ੍ਹਦਿਆਂ ਵੀ ਵਾਪਰ ਜਾਂਦੇ ਹਨ । ਇਹਨਾ ਦਾ ਕੋਈ ਮੁਕਾਬਲਾ ਨਹੀਂ ।ਇਹ ਉਹੀ ਵੇਲਾ ਹੁੰਦਾ ਹੈ ,ਜਦੋਂ ਮੈਂ ਅਪਣੇ ਆਪ ਨਾਲ ਗੱਲਾਂ ਕਰ ਰਿਹਾ ਹੁੰਦਾ ਹਾਂ , ਗੱਲਾਂ ਨਾਲ ਗੱਲਾਂ ਕਰ ਰਿਹਾ ਹੁੰਦਾ ਹਾਂ ।ਕੋਰਾ ਸਫਾ ਸ਼ਬਦਾਂ ਹੇਠੋਂ ਖਿਸਕ ਜਾਂਦਾ ਹੈ ਤੇ ਸ਼ਬਦਾਂ ਲਈ ਫਿਰ ਵਿਛ ਜਾਂਦਾ ਹੈ ।ਕਵਿਤਾ ਅਣਦੇਖੇ ਪੰਛੀ ਦਾ ਘਰ ਹੈ , ਚੁੱਪ ਦੀ ਕੁਟੀਆ , ਦੁਖ ਸੁਖ ਦੇ ਤਾਣੇ ਪੇਟੇ ਵਾਲਾ ਡੱਬੀਦਾਰ ਖੇਸ । ਟੀ ਐਸ ਈਲੀਅਟ ਆਖਦਾ ਹੈ, " ਕਵਿਤਾ ਲਿਖਣਾ ਖੁਨ ਨੂੰ ਸਿਆਹੀ 'ਚ ਬਦਲਣਾ ਹੈ ।" ਇਹ ਕਰਮ ਸ਼ਾਇਦ ਮੇਰੇ ਤੋਂ ਕਦੇ ਹੋ ਜਾਂਦਾ ਹੋਵੇ । ਇਹ ਗੱਲ ਮੇਰੇ ਨਾਲੋਂ ਵੱਧ ਮੇਰੇ ਪਾਠਕ ਜਾਣਦੇ ਹਨ ।
                 ਕਵਿਤਾ ਮੈਥੋਂ ਕਿਵੇਂ ਲਿਖੀ ਜਾਂਦੀ ਹੈ ,ਇਹਦਾ ਮੈਨੂੰ ਕੋਈ ਭੇਤ ਨਹੀਂ ।ਇਕਾਂਤ ਜਗ੍ਹਾ 'ਤੇ ਕਈ ਵਾਰ ਸੋਚ ਸੋਚ ਥੱਕ ਜਾਂਦਾ ਹਾਂ ,ਇਕ ਸ਼ਬਦ ਵੀ ਨਹੀਂ ਔੜਦਾ ਲਿਖਣ ਲਈ । ਕਈ ਵਾਰ ਭੀੜ੍ਹ ਭਰੀਆਂ ਥਾਂਵਾਂ 'ਤੇ ਇਕੱਲਾ ਹੋ ਜਾਂਦਾ ਹਾਂ । ਕੋਈ ਸ਼ਬਦ ,ਥਾਂ ,ਦ੍ਰਿਸ਼ ,ਮੌਸਮ, ਬੰਦਾ ਕੁਬੰਦਾ ਅਜਿਹਾ ਟੱਕਰਦਾ ਹੈ ਕਿ ਮਨ ਦੀ ਫਿਰਕੀ ਤੇ ਕਵਿਤਾ ਦੀ ਰੀਲ ਘੁੰਮਣ ਲਗਦੀ ਹੈ । ਉਸ ਵੇਲੇ ਚੰਗਾ ਹੈ ਕੋਈ ਕਾਗ਼ਜ਼ ਦਾ ਟੋਟਾ ਹੋਵੇ ਜੇਬ 'ਚ ਜਾਂ ਫਿਰ ਦੋਸਤ ਦੀ ਡਾਇਰੀ ।ਕਵਿਤਾ ਕਈ ਵਾਰ ਇਕੋ ਪਰਤ 'ਚ ਲਿਖੀ ਜਾਂਦੀ ਹੈ , ਪਹਿਲੀ ਵਾਰ ਹੀ ,ਮੁੜ ਕੇ ਉਸ 'ਚ ਇਕ ਅੱਖਰ ਬਦਲਣ ਦੀ ਵੀ ਗੁੰਜਾਇਸ਼ ਨਹੀਂ ਰਹਿੰਦੀ ।ਪਰ ਕਈ ਵਾਰ ਕਵਿਤਾ ਕਿਸੇ ਰਿਸਾਲੇ ਜਾਂ ਕਿਤਾਬ 'ਚ ਛਪਣ ਤੋਂ ਬਾਅਦ ਵੀ ਬਦਲਦੀ ਰਹਿੰਦੀ ਹੈ,ਆਖਰ ਤੋਂ ਬਾਅਦ ਵੀ ।ਇਕ ਵਾਰ ਆਲੋਚਕ ਮਿਤਰ ਸਰਬਜੀਤ ਸਿੰਘ ਨੇ ਮੇਰੀ ਕਵਿਤਾ ਨੂੰ ਪੁਠੇ ਪਾਸਿਓ ਲਿਖ ਕੇ ਮੈਨੂੰ ਭੇਜਿਆ ।ਉਹਦੀ ਸ਼ਰਾਰਤ 'ਚ ਮੇਰੀ ਕਵਿਤਾ ਦਾ ਇਕ ਪਾਠ ਇਹ ਵੀ ਛੁਪਿਆ ਹੋਇਆ ਸੀ ।ਕਵਿਤਾ ਜਿਊਂਦੀ ਜਾਗਦੀ ਸ਼ੈਅ ਹੈ,ਜਿਉਂਦੇ ਜਾਗਦੇ ਬੰਦਿਆਂ ਲਈ ।ਕਵੀ ਹੀ ਕਵਿਤਾ ਨਹੀਂ ਲਿਖਦਾ ,ਪਾਠਕ ਵੀ ਲਿਖਦਾ ਹੈ।
             ਕਵਿਤਾ ਤੇ ਪਾਠਕ ਵਿਚਾਲੇ ਮੀਲਾਂ ਲੰਮਾ ਫਾਸਲਾ ਫੈਲ੍ਹਿਆ ਹੁੰਦਾ ਹੈ ।ਇਸੇ ਫਾਸਲੇ 'ਚ ਹੀ ਕਵਿਤਾ ਲਿਖੀ ਪੜ੍ਹੀ ਜਾਂਦੀ ਹੈ ।ਜਿਥੋਂ ਤਕ ਕਵਿਤਾ ਦੇ ਸਮਝਣ ਸਮਝਾਉਣ ਦਾ ਮਾਮਲਾ ਹੈ , ਮੈਂ ਅੰਗਰੇਜ਼ੀ ਕਵੀ ਆਕਤੋਵਿਉ ਪਾਜ਼ ਤੋਂ ਸਿਆਣਾ ਨਹੀਂ । ਉਸ ਦਾ ਆਖਣਾ ਹੈ : ਕਵਿਤਾ ਨਾ ਸਮਝੀ , ਨਾ ਸਮਝਾਈ ਜਾ ਸਕਦੀ ਹੈ ।ਸੋ ਕਵਿਤਾ ਲਿਖਣਾ ਪੜ੍ਹਨਾ ਅਪਣੇ ਆਪ ਨੂੰ ਸਿਆਣਨਾ ਹੈ ।ਸ਼ਾਇਦ ਮੈਂ ਇਸੇ ਰਾਹ 'ਤੇ ਹਾਂ ।ਕਵਿਤਾ ਲਿਖਣ ਪੜ੍ਹਨ ਵੇਲੇ ਮੈਂ ਨਿਮਰ ਹੋ ਜਾਂਦਾ ਹਾਂ ,ਆਤਮ-ਵਿਸ਼ਵਾਸ਼ ਨਾਲ ਭਰ ਜਾਂਦਾ ਹਾਂ ,ਹਵਾ ਵਾਂਙ ਵਗਣ ਤੇ ਪਾਣੀ ਵਾਂਙ ਵਹਿਣ ਲਗਦਾ ਹਾਂ ।ਕੁਦਰਤ ਨਾਲ ਮੁੜ ਤੋਂ ਜੁੜਦਾ ਹਾਂ ।

ਚਿੜੀਆਂ
ਆਪਣੇ ਚਹਿ ਚਹਾਉਣ 'ਚੋਂ
ਪੈਦਾ ਕਰਦੀਆਂ
ਰੋਜ਼ ਇਕ ਨਵਾਂ ਸੂਰਜ
             
               ਕੀ ਇਹ ਕਵਿਤਾਵਾਂ ਮੇਰੀਆਂ ਹੀ ਹਨ ? ਨਹੀਂ ਇਹਨਾ 'ਚ ਮੇਰੇ ਆਲੇ-ਦੁਆਲੇ ਦਾ ਰਲਾ ਹੈ ।ਇਹਨਾ 'ਚ ਮਾਂ ਪਤਨੀ ਭੈਣਾਂ ਤੇ ਅਗਿਆਤ ਪ੍ਰੇਮਿਕਾ ਸ਼ਾਮਲ ਹੈ ।ਇਹਨਾ 'ਚ ਪਿਤਾ ਪੁੱਤ ਭਰਾ ਤੇ ਦੋਸਤ ਮਿਤਰ ਸ਼ਾਮਲ ਹਨ ।ਇਹਨਾ 'ਚ ਆਵਾਜ਼ਾਂ ,ਰੰਗ , ਧੁੱਪ ,ਛਾਂ ,ਚਿੜੀਆਂ ਜਨੌਰ , ਦਰਿਆ ,ਰੇਤ ,ਪਹਾੜ , ਮੈਦਾਨ ਸ਼ਾਮਲ ਹਨ।ਅਸਲ 'ਚ ਮੇਰਾ ਜੀਵਨ ਹੀ ਮੇਰੀ ਕਵਿਤਾ ਹੈ। ਇਹ ਮੇਰੇ ਤੋਂ ਕਿਵੇਂ ਵੀ ਵੱਖਰੀ ਨਹੀਂ।ਜੇ ਮੈਂ ਅਪਣੇ ਮਿਤਰ ਪਰਾਗ ਦੇ ਤਾਏ 'ਤੇ ਕਵਿਤਾ ਲਿਖਦਾ ਹਾਂ ਤਾਂ ਉਹਦੇ ਸੁਭਾਅ ਦੀ ਕੋਈ ਤੰਦ ਮੇਰੇ ਨਾਲ ਜੁੜਦੀ ਹੈ ,ਇਸੇ ਤਰਾਂ ਜੇ ਮੈਂ ਚਿਤਰਕਾਰ ਮਕਬੂਲ ਫਿਦਾ ਹੁਸੈਨ ਤੇ ਕਵਿਤਾ ਲਿਖਦਾ ਹਾਂ ਤਾਂ ਉਹਦੇ ਬੁਰਸ 'ਚੋਂ ਨਿਕਲਿਆ ਇਕ ਅਧ ਰੰਗ ਮੇਰੇ ਜੀਵਨ ਦੀ ਝਲਕ ਹੈ ।ਜੇ ਮੇਰੀ ਕਵਿਤਾ 'ਚ ਦਲਿਤ ਮਜਦੂਰ ਬੰਤ ਸਿੰਘ ਝੱਬਰ ਆਉਂਦਾ ਹੈ ਤਾਂ ਮੈਨੂੰ ਇਸ ਗੱਲ ਦੀ ਸਮਝ ਆਈ ਕਿ ਸੜਕ 'ਤੇ ਤੁਰੇ ਜਾਂਦੇ ਸਾਥੀਆਂ ਦੇ ਕਾਫਲੇ ਨੂੰ ਦੇਖ ਅੱਖਾਂ ਕਿਉਂ ਭਰ ਆਉਂਦੀਆਂ ਹਨ , ਜਦੋਂ ਕਿ ਮੈਂ ਇਕ ਵਾਰ ਵੀ ਬਾਂਹ ਉਲਾਰ ਕੇ ਇਨਕਲਾਬ ਜਿੰਦਾਬਾਦ ਨਹੀਂ ਕਿਹਾ ।ਮੇਰਾ ਕਾਰੀਗਰ ਬਾਪੂ ਸਦਾ ਮੇਰੀਆਂ ਕਵਿਤਾਵਾਂ ਦੇ ਨਾਲ ਨਾਲ ਰਹਿੰਦਾ ਹੈ ।ਜਿਹੜੀ ਕਵਿਤਾ ਉਹ ਰੋਜ਼ ਅਪਣੀ ਜ਼ਿੰਦਗੀ 'ਚ ਲਿਖ ਰਿਹਾ ਹੈ ,ਮੈਂ ਅਜੇ ਤਕ ਨਹੀਂ ਲਿਖ ਸਕਿਆ ।ਅਪਣੀ ਪਹਿਲੀ ਪੁਸਤਕ ' ਸ਼ਬਦਾਂ ਦੀ ਮਰਜ਼ੀ ' ਵਿਚ ਮੈਂ ਇਸ ਕਵਿਤਾ ਦਾ ਨਾਂ ' ਸਾਹਾਂ ਵਰਗਾ ' ਰੱਖਿਆ :

ਆਪਣੇ ਆਪ ਨੂੰ ਵੇਚ
ਆਥਣ ਵੇਲੇ ਪਰਤਦਾ ਘਰ ਬਾਪੂ
ਹੁੰਦਾ ਸਾਲਮ ਦਾ ਸਾਲਮ
ਸਾਡੇ ਸਾਰਿਆਂ 'ਚ ਬੈਠਾ
ਸ਼ਹਿਰ ਦੀਆਂ ਕਿੰਨੀਆਂ ਹੀ ਇਮਾਰਤਾਂ 'ਚ
ਇੱਟ ਇੱਟ ਹੋ
ਚਿਣੇ ਜਾਣ ਦੇ ਬਾਵਜੂਦ

          ਬਹੁਤ ਸਾਰੇ ਦੋਸਤ ਮੈਨੂੰ ਪਤਨੀ 'ਤੇ ਕਵਿਤਾਵਾਂ ਲਿਖਣ ਵਾਲਾ ਕਵੀ ਆਖਦੇ ਹਨ । ਇਹਨਾ ਦੀ ਗੱਲ ਸਹੀ ਹੈ ।ਮੈਂ ਆਪਣੀ ਮਾਂ, ਧੀ ਅਤੇ ਪੁੱਤ 'ਤੇ ਕਵਿਤਾਵਾਂ ਲਿਖੀਆਂ ਹਨ । ਇਹਨਾਂ ਰਾਹੀਂ ਮੈਂ ਸੰਸਾਰ ਦੀਆਂ ਮਾਵਾਂ ਤੇ ਬੱਚਿਆਂ ਨੂੰ ਜਾਣਿਆਂ ਹੈ ।ਤੇ ਕਵਿਤਾ ਦੀਆਂ ਗੱਲਾਂ ਕਰਦਿਆਂ ਮੈਂ ਇਸ ਹੱਦ ਤਕ ਪਾਰਦਰਸ਼ੀ ਹੋ ਗਿਆ ਹਾਂ ਕਿ ਇਹ ਗੱਲ ਦਸਦਿਆਂ ਮੈਨੂੰ ਚਾਅ ਚੜ੍ਹ ਰਿਹਾ ਹੈ ਕਿ ਮੇਰੇ ਸਮਕਾਲੀ ਮੇਰੀ ਪਸੰਦ ਦੇ ਕਿੰਨੇ ਹੀ ਕਵੀਆਂ ਦਾ ਕੋਈ ਸ਼ਬਦ , ਸਿਰਲੇਖ , ਅਹਿਸਾਸ , ਅਨੁਭਵ ਮੇਰੀਆਂ ਕਵਿਤਾਵਾਂ 'ਚ ਜ਼ਰੂਰ ਆ ਗਿਆ ਹੋਵੇਗਾ ।ਕਿਉਂਕਿ ਮੈਨੂੰ ਪਤਾ ਹੈ ਕਿ ਮੇਰੀਆਂ ਕਵਿਤਾਵਾਂ ਵਿਚ ਜਦੋਂ ਮੇਰੇ ਬੱਚਿਆਂ ਤੇ ਪਤਨੀ ਦੀ ਭਾਸ਼ਾ ਸ਼ਾਮਲ ਹੈ ਫਿਰ ਸਮਕਾਲੀ ਕਵੀਆਂ ਦੀ ਕਿਵੇਂ ਨਹੀਂ ਹੋਵੇਗੀ ।ਇਹਨਾ ਦਾ ਇਹ ਦੇਣ ਮੈਂ ਕਿਵੇਂ ਵੀ ਦੇ ਨਹੀਂ ਸਕਦਾ ।
            ਕਵਿਤਾ ਕਿਉਂ ਲਿਖਦਾ ਹਾਂ , ਇਹ ਗੱਲ ਰਹੱਸ ਹੈ । ਕਵੀਆਂ ਕਲਾਕਾਰਾਂ ਦਾ ਇਸੇ ਵਿਚ ਭਲਾ ਹੈ ।ਜੇ ਇਸ ਕਿਉਂ ਦੀ ਸਮਝ ਆ ਜਾਵੇ ਤਾਂ ਸਾਰੇ ਝਗੜੇ ਝੇੜੇ ਮੁਕ ਜਾਣ ।ਫਿਰ ਜਾ ਤਾਂ ਕਵੀ ਢੇਰਾਂ ਕਵਿਤਾਵਾਂ ਲਿਖਣ ਜਾਂ ਫਿਰ ਇਕ ਵੀ ਨਾ ਲਿਖਣ ।ਲਿਖੀ ਹੋਈ ਕਵਿਤਾ ਨੂੰ ਜਦੋਂ ਪੜ੍ਹਿਆ ਜਾਂਦਾ ਹੈ ਤਾਂ ਇਹ ਅਹਿਸਾਸ ਹੁੰਦਾ ਹੈ ਕਿ ਜਿਉਣ ਲਈ ਸਾਹਾਂ ਦਾ ਆਉਣਾ ਹੀ ਜ਼ਰੂਰੀ ਨਹੀਂ ਹੁੰਦਾ ,ਸਗੋਂ ਕੁਝ ਸੁਕੋਮਲ , ਖੁਰਦਰਾ ਤੇ ਤਿੱਖਾ ਵੀ ਹੋਣਾ ਚਾਹੀਦਾ ਹੈ ਜੋ ਮਨੁੱਖੀ ਤਨ ਮਨ ਨੂੰ ਸਹਿਲਾਵੇ ਵੀ , ਪਕਾਵੇ ਵੀ ਤੇ ਖੁਰਚੇ ਵੀ । ਕਵਿਤਾ ਇਕੋ ਵੇਲੇ ਇਹ ਸਾਰੇ ਕੰਮ ਕਰਦੀ ਹੈ ।ਕਈ ਮਿਤਰ ਮੈਨੂੰ ਪੁਛਦੇ ਹਨ : ਕਵਿਤਾ ਮੇਰੇ ਕਿਸ ਕੰਮ ਆਉਂਦੀ ਹੈ ? ਮੈਂ ਮੁਸਕਰਾਉਂਦਾ ਹਾਂ । ਸ਼ਾਇਦ ਉਹ ਮੇਰੀ ਗੱਲ ਸਮਝ ਜਾਂਦੇ ਹਨ ।
            ਮੈਂ ਪਿਛਲੇ ੧੫ ਸਾਲਾਂ ਤੋਂ ਕਵਿਤਾ ਲਿਖ ਰਿਹਾ ਹਾਂ ।ਪਹਿਲੀ ਕਵਿਤਾ 'ਲੋਅ ' ਵਿਚ ਛਪੀ ਜਿਸ ਦਾ ਨਾਂ " ਖਾਮੋਸ਼ ਮੇਲਾ " ਸੀ ।ਅਜੇ ਤਕ ਦੋ ਕਾਵਿ-ਪੁਸਤਕਾਂ ਹੀ ਛਪੀਆਂ ਹਨ ਤੇ ਤੀਜੀ ਦੀ ਤਿਆਰੀ ਕਰ ਰਿਹਾ ਹਾਂ ।ਮੈਂ ਤੁਹਾਨੂੰ ਇਹਨਾ ਦੇ ਨਾਵਾਂ ਦੀ ਕਹਾਣੀ ਸੁਣਾ ਕੇ ਕੁਝ ਹੋਰ ਗੱਲਾਂ ਤੁਹਾਡੇ ਨਾਲ ਕਰਨਾ ਚਾਹੁੰਦਾ ਹਾਂ ।ਪ੍ਰਥਮ ਪੁਸਤਕ ਦਾ ਨਾਂ ' ਸ਼ਬਦਾਂ ਦੀ ਮਰਜ਼ੀ ' ਹੈ ।ਇਹ ਨਾਂ ਮੇਰੀ ਇਕ ਕਵਿਤਾ ਦੇ ਨਾਂ ਤੋਂ ਮੇਰੀ ਪਤਨੀ ਸੁਰਮੇਲ ਨੇ ਰੱਖਿਆ ।ਉਦੋਂ ਮੈਨੂੰ ਇਹਦੇ ਅਰਥ ਨਹੀਂ ਆਉਂਦੇ ਸਨ ।ਅਮਰਜੀਤ ਗਰੇਵਾਲ ਦੀ ਸੰਪਾਦਨਾ 'ਚ ਛਪੇ ਵਿਸਮਾਦ ਨਾਦ ਨਾਂ ਦੇ ਸ਼ਬਦ ਵਿਸ਼ੇਸ਼ ਅੰਕ ਨਾਲ ਮੈਂ ਸ਼ਬਦ ਦੀ ਸਮਰੱਥਾ ਤੇ ਮਰਜ਼ੀ ਨੂੰ ਜਾਣਿਆ ।ਹੁਣੇ ਮੈਂ ਇਸ ਨਾਂ ਵਾਲੀ ਕਵਿਤਾ ਨੂੰ ਪੜ੍ਹਿਆ ਤਾਂ ਹੈਰਾਨ ਰਹਿ ਗਿਆ , ਉਦੋਂ ਮੈਂ ਇਹ ਕਵਿਤਾ ਕਿਥੋਂ ਤੇ ਕਿਵੇਂ ਲਿਖੀ ?

ਸਾਰੇ ਦੇ ਸਾਰੇ ਸ਼ਬਦ ਬਾਹਰ ਸੁੱਟ ਦਿੰਦਾ
ਮੈਂ ਆਪਣੇ ਮਨ ਕਮਰੇ ਦੀ ਬਾਰੀ 'ਚੋਂ

ਇਕ ਇਕ ਕਰ ਸਜ ਜਾਂਦੇ ਉਹ
ਮੇਰੇ ਕਮਰੇ ਦੀ ਕਾਰਨਸ 'ਤੇ
ਮੇਰਾ ਮੂੰਹ ਚਿੜਾਉਂਦੇ

ਮੈਂ ਦੌੜਦਾ     ਕਮਰੇ ਤੋਂ ਬਾਹਰ
ਵਧਣ ਲਗਦੀ ਇਹਨਾ ਦੀ ਕਤਾਰ

ਅਜੇ ਤਕ ਨਹੀਂ ਹੋਈ
ਮੇਰੀ ਤੇ ਮੇਰੇ ਸ਼ਬਦਾਂ ਦੀ ਇਕ ਮਰਜ਼ੀ

ਉਂਝ ਇਹਨਾ ਬਿਨ ਸਰਦਾ ਨਹੀਂ
ਇਕ ਪਲ ਵੀ ॥

      ਇਹ ਕਿਤਾਬ ਸ਼ਬਦਾਂ ਦੀ ਕਰਾਮਾਤ ਹੈ ,ਮੇਰੀ ਨਹੀਂ । ਜਿਵੇਂ ਮਰਜ਼ੀ ਸ਼ਬਦਾਂ ਦੀ ਹੈ ,ਬੰਦੇ ਦੀ ਨਹੀਂ । ਸ਼ਬਦ, ਚੁੱਪ ਤੇ ਚੀਕ ਵਿਚਾਲੇ ਮੇਰੇ ਅਨੇਕਾਂ ਰੂਪਾਂ ਅਰੂਪਾਂ ਨੂੰ ਮੈਂ ਅਜੇ ਵੀ ਸਮਝ / ਅਸਮਝ ਰਿਹਾ ਹਾਂ । ਮੇਰੀ ਇਛਾ ਹੈ ਕਦੇ ਤੁਸੀਂ ਵੀ ਇਸ ਮਰਜ਼ੀ ਵਿਚਦੀ ਲੰਘੋਂ ।
          " ਅਕਾਰਨ " ਦੂਜੀ ਕਿਤਾਬ ਦਾ ਸਿਰਲੇਖ ਹੈ ।ਦੋਸਤ ਆਖਦੇ : ਹਰ ਚੀਜ਼ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ । ਪਰ ਮੈਨੂੰ ਲਗਦਾ ਕਿ ਸਿਰਜਣਾ ਅਕਾਰਨ ਹੁੰਦੀ ਹੈ ।ਜਾ ਫਿਰ ਇਹਦਾ ਕਾਰਨ ਕਿਤੇ ਬਹੁਤ ਗਹਿਰੇ ਪਿਆ ਹੁੰਦਾ ਹੈ ਜਿਸ ਦੀ ਤਲਾਸ਼ ਹੀ ਕਵਿਤਾ ਦੀ ਤਲਾਸ਼ ਹੈ ।ਇਸ ਕਿਤਾਬ ਦੀਆਂ ਕਵਿਤਾਵਾਂ ਨੂੰ ਲਿਖਿਆ ਹੀ ਨਹੀਂ ਸਗੋਂ ਰੇਖਾਂਕਤ ਕੀਤਾ ਹੈ । ਬਹੁਤ ਸਾਰੀਆਂ ਕਵਿਤਾਵਾਂ 'ਚ ਮੈਂ ਸ਼ਬਦਾਂ ਨਾਲ ਚਿਤਰ ਬਣਾਏ ਨੇ ।ਇਹ ਸ਼ਾਇਦ ਮੇਰੇ ਸੁਭਾਅ ਦਾ ਹੀ ਹਿੱਸਾ ਹੈ ।ਮੈਂ ਹਰ ਸ਼ੈਅ ,ਹਰ ਘਟਨਾ ,ਹਰ ਥਾਂ ਨਾਂ ਨੂੰ ਚਿਤਰ ਵਾਂਙ ਹੀ ਦੇਖਦਾ ਹਾਂ ਤੇ ਮੇਰੀ ਇਛਾ ਹੈ ਕਿ ਕਵਿਤਾ ਨੂੰ ਪੜ੍ਹਨ ਦੇ ਨਾਲ ਨਾਲ ਦੇਖਣਾ ਚਾਹੀਦਾ ਹੈ ।ਦੇਖਣ ਦਾ ਕੋਈ ਇਕ ਢੰਗ ਨਹੀਂ ਹੁੰਦਾ ।ਕੋਈ ਚੀਜ਼ ਸੱਜੇ ਪਾਸਿਉਂ ਦੇਖਣ ਨਾਲ ਉਸ ਤਰਾਂ ਦੀ ਨਹੀਂ ਦਿਸਦੀ, ਜਿਸ ਤਰਾਂ ਖੱਬੇ ਪਾਸਿਉਂ ਦੇਖਣ ਤੇ ਦਿਸਦੀ ਹੈ ।
           " ਸਿਆਹੀ ਘੁਲੀ ਹੈ " ਤੁਹਾਡੇ ਸਨਮੁਖ ਹੈ ।ਮੇਰੀਆਂ ਪਹਿਲੀਆਂ ਕਿਤਾਬਾਂ ਦੀਆਂ ਕਵਿਤਾਵਾਂ ਬਾਰੇ ਦੀਦ ਦੀ ਬੇਬਾਕ ਰਾਇ ਮੇਰੇ ਕੰਮ ਆਈ ।ਉਹਨੇ ਇਹਨਾ ਦੀ ਸੰਜਮਤਾ ਤੇ ਸੰਖੇਪਤਾ ਬਾਰੇ ਟਿਪਣੀ ਕੀਤੀ : ਤੇਰੀਆਂ ਕਵਿਤਾਵਾਂ 'ਤੇ ਮਾਸ ਘੱਟ ਹੈ , ਇਹਦੀਆਂ ਹੱਡੀਆਂ ਦਿਸਦੀਆਂ ਹਨ ।ਨਵੀਂ ਕਿਤਾਬ ਦੀਆਂ ਕਵਿਤਾਵਾਂ ਇਸ ਪੱਖੋਂ ਭਰਵੀਆਂ ਹਨ ਜਿਵੇਂ ਅਲੜ੍ਹ ਉਮਰ ਤੋਂ ਬਾਅਦ ਮੁਟਿਆਰ ਜਾਂ ਗੱਭਰੂ ਦਾ ਸਰੀਰ ਹੁੰਦਾ ਹੈ ।ਅੱਜ-ਕੱਲ੍ਹ ਕਵਿਤਾ ਦਾ ਮੈਨੂੰ ਇਹੋ ਰੂਪ ਭਾਉਂਦਾ ਹੈ ।
ਗੁਰਪ੍ਰੀਤ  


No comments:

Post a Comment