Friday, January 20, 2012

ਗੁਰਪ੍ਰੀਤ ਦੀ ਕਵਿਤਾ ਪੜ੍ਹਦਿਆਂ ੦ਅਜਮੇਰ ਰੋਡੇ

ਪੁਸਤਕ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਗੁਰਪ੍ਰੀਤ ਨੇ ਇਹ ਕਵਿਤਾਵਾਂ ਮੇਰੇ ਨਾਲ ਈਮੇਲ ਰਾਹੀਂ ਸਾਂਝੀਆਂ ਕੀਤੀਆਂ; ਮੈਂ ਇਹਨਾਂ ਨੂੰ ਪ੍ਰਿੰਟ ਕਰਕੇ ਨਿਕੀ ਜਿਹੀ ਕਿਤਾਬ ਬਣਾ ਕੇ ਸਿਰਹਾਣੇ ਰੱਖ ਲਿਆ ਤੇ ਇਕ ਸਵੇਰ ਇਹਨਾਂ ਨੂੰ ਪੜ੍ਹਨਾ ਸ਼ਰੂ ਕੀਤਾ। ਮੇਰੇ ਲਈ ਕਵਿਤਾ ਸਮਝਣ ਤੇ ਮਾਨਣ ਵਿਚ ਸਮਾਂ ਮਹੱਤਵ ਪੂਰਨ ਹੈ। ਜੋ ਕਵਿਤਾ ਥੱਕੀ ਥੱਕੀ ਸ਼ਾਮ ਵਿਚ ਬੁਝੀ ਜਿਹੀ ਲਗਦੀ ਹੈ ਸਵੇਰ ਵੇਲੇ ਉਹੀ ਤੁਹਾਡੇ ਅੰਦਰ ਚਾਨਣ ਕਰ ਸਕਦੀ ਹੈ। ਗੁਰਪ੍ਰੀਤ ਦੀ ਪਹਿਲੀ ਕਵਿਤਾ “ਸਦਾ ਸਲਾਮਤ” ਦੀਆਂ ਸਤਰਾਂ ਹਨ:

ਮੇਰੇ ਅੰਦਰ ਇਕ ਧਰਤੀ ਹੈ
ਜਿਸ ਨੂੰ
ਮੈਂ ਰੋਜ਼ ਲਭਦਾ ਹਾਂ
ਤੇ ਗੁੰਮ ਜਾਣ ਦਿੰਦਾ ਹਾਂ

ਮੈਂ ਕਵਿਤਾ ਨੂੰ ਉਸੇ ਤਰ੍ਹਾਂ ਪੜ੍ਹਨ ਦੀ ਕੋਸ਼ਸ਼ ਕੀਤੀ ਜਿਵੇਂ ਕਵੀ ਨੇ ਲਿਖੀ, ਨਿਕੀਆਂ ਸਤਰਾਂ ਦੇ ਅੰਤ ਤੇ ਠਹਿਰ ਠਹਿਰ ਕੇ ਅਤੇ ਸਤਰਾਂ ਵਿਚਲੀ ਵਿੱਥ ਦਾ ਆਦਰ ਕਰਕੇ। ਇਸ ਤਰ੍ਹਾਂ ਮੈਂ ਕਵੀ ਦੇ ਵਧੇਰੇ ਨੇੜੇ ਮਹਿਸੂਸ ਕਰਦਾ ਹਾਂ। ਕਵੀ ਕਵਿਤਾ ਦੀ ਸਤਰ ਨੂੰ ਅੱਡ ਅੱਡ ਥਾਵਾਂ ਤੋਂ ਤੋੜ ਕੇ ਵੱਖਰੇ ਵੱਖਰੇ ਪ੍ਰਭਾਵ ਪੈਦਾ ਕਰ ਸਕਦਾ ਹੈ— ਕਿਸੇ ਸ਼ਬਦ ਤੇ ਜੋਰ ਦੇ ਸਕਦਾ ਹੈ, ਨਾਟਕੀ ਮੋੜ ਦੇ ਸਕਦਾ ਹੈ, ਪਾਠਕ ਦੀ ਸੋਚ ਨੂੰ ਕੁਝ ਪਲ ਰੋਕ ਸਕਦਾ ਹੈ। ਗੁਰਪ੍ਰੀਤ ਨੇ ਵੀ ਸਤਰਾਂ ਸ਼ਾਇਦ ਇਸੇ ਮਨਸ਼ਾ ਨਾਲ ਤੋੜੀਆਂ ਹੋਣਗੀਆਂ। ਪਹਿਲੀ ਵਾਰ ਕਵਿਤਾ ਪੜ੍ਹਨ ਸਮੇਂ ਮੈਂ ਆਪਣੇ ਅੰਦਰਲੇ ਆਲੋਚਕ ਨੂੰ ਵੀ ਚੁੱਪ ਰਖਦਾ ਹਾਂ ਅਤੇ ਕਵੀ ਨੂੰ ਆਪਣੇ ਤੋਂ ਉਚਾ ਮੰਨ ਕੇ ਚਲਦਾ ਹਾਂ। ਕਵਿਤਾ ਦਿਲ ਨੂੰ ਟੁੰਬ ਜਾਵੇ, ਕੋਈ ਨਵਾਂ ਚਾਨਣ ਕਰ ਜਾਵੇ, ਹੈਰਾਨੀ ਵਿਚ ਡੋਬ ਜਾਵੇ, ਨਵੇਂ ਪ੍ਰਸ਼ਨ ਖੜ੍ਹੇ ਕਰ ਜਾਵੇ ਤਾਂ ਕਵੀ ਦਾ ਧੰਨਵਾਦ ਕਰਦਾ ਹਾਂ। ਧੰਨਵਾਦ ਇਸ ਲਈ ਵੀ ਕਰਦਾ ਹਾਂ ਕਿ ਕਵੀ ਨੇ ਮੇਰੇ ਨਾਲ ਉਹ ਕੁਝ ਸਾਂਝਾ ਕਰਨ ਦਾ ਯਤਨ ਕੀਤਾ ਜੋ ਕਵਿਤਾ ਲਿਖਣ ਸਮੇਂ ਉਸ ਨਾਲ ਵਾਪਰਿਆ ਸੀ। ਪਰ ਇਸ ਤਰ੍ਹਾਂ ਹਰ ਕਿਸੇ ਦੀ ਕਵਿਤਾ ਪੜ੍ਹਨ ਸਮੇਂ ਨਹੀਂ ਵਾਪਰਦਾ। ਗੁਰਪ੍ਰੀਤ ਦੀਆਂ ਕਵਿਤਾਵਾਂ ਪੜ੍ਹਨ ਸਮੇਂ ਇਸ ਤਰ੍ਹਾਂ ਜਰੂਰ ਵਾਪਰਿਆ।
ਉਪਰੋਕਤ ਕਵਿਤਾ ਪੜ੍ਹਨ ਸਮੇਂ ਮੇਰੇ ਮਨ ਵਿਚ ਇਕ ਧੁੰਦਲਾ ਜਿਹਾ ਗਲੋਬ ਉਭਰਿਆ ਤੇ ਆਖਰੀ ਸਤਰ ਨਾਲ ਅਲੋਪ ਹੋ ਗਿਆਮੈਂ ਸੋਚਣ ਲੱਗਾ ਮੇਰੇ ਆਪਣੇ ਅੰਦਰ ਸਥਿਰ ਕੀ ਹੈ? ਜਿਸ ਧਰਤੀ ਤੇ ਹੁਣ ਖੜ੍ਹਾ ਹਾਂ ਕੀ ਉਹ ਕਲ੍ਹ ਵੀ ਮੇਰੇ ਅੰਦਰ ਹੋਵੇਗੀ? ਮੈਂ ਉਸਨੂੰ ਸਦਾ ਲਈ ਫੜ੍ਹ ਕੇ ਰੱਖਣ ਦਾ ਯਤਨ ਕਰਾਂ ਜਾਂ ਕਲ੍ਹ ਨੂੰ ਨਵੀਂ ਧਰਤੀ ਸਿਰਜਾਂ? ਅਤੇ ਇਹ ਧਰਤੀ ਹੈ ਕੀ? ਮੇਰੀ ਸਵੈ ਪਛਾਣ ਦਾ ਆਧਾਰ, ਜੋ ਸਾਰੇ ਦਾ ਸਾਰਾ ਖੁਰ ਜਾਂਦਾ ਹੈ ਤੇ ਫਿਰ ਨਵੇਂ ਰੂਪ ਵਿਚ ਮੇਰੀ ਸਵੈ ਪਛਾਣ ਨੂੰ ਆਸਰਾ ਦਿੰਦਾ ਹੈ? ਸੋਵੀਅਤ ਯੂਨੀਅਨ ਟੁੱਟਣ ਨਾਲ ਬਹੁੱਤ ਲੋਕਾਂ ਦੀ ਸਵੈ ਪਛਾਣ ਦਾ ਆਧਾਰ ਖੁਰ ਗਿਆ ਸੀ ਅਤੇ ਜਾਪਦਾ ਸੀ ਜਿਵੇਂ ਉਹ ਖਲਾ ਵਿਚ ਲਟਕ ਰਹੇ ਹੋਣ ਪਰ ਇਥੇ ਕਵੀ ਕਿਸੇ ਆਧਾਰ ਖੁਰ ਜਾਣ ਚੇ ਸਦਮੇ ਦੀ ਗੱਲ ਨਹੀਂ ਕਰ ਰਿਹਾ ਸਗੋਂ ਇਸਨੂੰ ਆਪ ਖੁਰਨ ਦੇ ਰਿਹਾ ਹੈ। ਮੇਰੇ ਲਈ ਇਸ ਗੱਲ ਦੀ ਬਹੁਤੀ ਮਹੱਤਤਾ ਨਹੀਂ ਕਿ ਕਵੀ ਨੇ ਇਹ ਕਵਿਤਾ ਕੀ ਸੋਚ ਕੇ ਲਿਖੀ? ਜਾਂ ਮੈਂ ਕਵੀ ਵਾਂਗ ਸੋਚ ਰਿਹਾ ਹਾਂ ਜਾਂ ਨਹੀਂ। ਮਹੱਤਵ ਪੂਰਨ ਗੱਲ ਹੈ ਇਕ ਨਵੇਂ ਬਿੰਬ ਦਾ ਉਪਜਣਾ ਤੇ ਉਸਦਾ ਬਿਨਸ ਜਾਣਾ, ਦਿਲਚਸਪ ਗੱਲ ਹੈ ਕਵਿਤਾ ਦਾ ਪ੍ਰਸ਼ਨ ਉਤਪੰਨ ਕਰਨੇ। ਇਸ ਨਿਕੀ ਜਿਹੀ ਕਵਿਤਾ ਵਿਚ ਮੇਰੇ ਲਈ ਕੋਈ ਨਵਾਂ ਸ਼ਬਦ ਨਹੀਂ ਸੀ ਨਾਂ ਹੀ ਕੋਈ ਮੂਲੋਂ ਨਵਾਂ ਸੰਕਲਪ ਫੇਰ ਵੀ ਇਸ ਨੇ ਮੇਰੇ ਅੰਦਰ ਕਿੰਨਾ ਕੁਝ ਖੋਲ੍ਹ ਦਿਤਾ। ਏਹੋ ਵਧੀਆ ਕਵਿਤਾ ਦਾ ਗੁਣ ਹੈ। ਅਗਲੀ ਕਵਿਤਾ ਵਿਚ ਕਵੀ ਕਹਿੰਦਾ ਹੈ,

ਕੋਈ ਸਤਰ ਹਨੇਰੇ ਵਿਚ ਚਾਨਣ ਵਾਂਗ ਚਮਕਦੀ ਹੈ
ਮੈਨੂੰ ਖੂਹ ਚ ਡਿਗੇ ਨੂੰ ਬਾਹਰ ਕਢ ਲੈਂਦੀ ਹੈ
ਮੈਨੂੰ ਪਲ ਪਲ ਘੜਦੀ ਹੈ
ਵੰਨ ਸੁਵੰਨੇ ਰੰਗ ਰੂਪਾਂ ਵਿਚ

ਮੈਨੂੰ ਪਲ ਪਲ ਨਵੇਂ ਰੰਗ ਰੂਪਾਂ ਵਿਚ ਘੜੇ ਜਾਣਾ ਚੰਗਾ ਲੱਗਾ ਤੇ ਕੁਝ ਦੇਰ ਮੈਂ ਇਥੇ ਅਟਕਿਆ ਰਿਹਾ। ਫੇਰ ਸੋਚਿਆ ਅਜਿਹੀ ਕਿਹੜੀ ਸਤਰ ਹੈ ਜਿਸਨੇ ਮੈਨੂੰ ਕਦੇ ਉਦਾਸੀ ਦੇ ਖੂਹ ਚੋਂ ਬਾਹਰ ਕਢਿਆ ਹੋਵੇ। ਯਾਦ ਆਇਆ ਇਕ ਵਾਰ ਜਦੋਂ ਅਜੇ ਰੋਡੇ ਪਿੰਡ ਵਿਚ ਸਾਂ ਇਕ ਦਿਨ ਜੋਰਦਾਰ ਮੀਂਹ ਪੈ ਰਿਹਾ ਸੀ। ਮੈਂ ਆਪਣੇ ਪਿਤਾ ਨਾਲ ਬੈਠਕ ਵਿਚ ਖੜ੍ਹਾ ਬਾਹਰ ਦੇਖ ਰਿਹਾ ਸੀ ਤਾਂ ਪਿਤਾ ਦੇ ਮੂੰਹੋਂ ਨਿਕਲਿਆ, “ਸਰਕਾਰੀ ਨੋਕਰੀ ਕਰਨ ਵਾਲਿਆਂ ਨੂੰ ਆਹ ਮੌਜ ਐ, ਮੀਂਹ ਜਾਏ ਨ੍ਹੇਰੀ ਜਾਏ ਤਨਖਾਹ ਮ੍ਹੀਨੇ ਦੇ ਮ੍ਹੀਨੇ ਤਰ ਜਾਣੀ ਐ; ਔਖਾ ਤਾਂ ਦਿਹਾੜੀ ਦੱਪਾ ਕਰਨ ਵਾਲਿਆਂ ਨੂੰ ਐ।“ ਹੁਣ ਵੈਨਕੂਵਰ ਵਿਚ ਜਦੋਂ ਕਦੇ ਰਾਤ ਨੂੰ ਕੜਾਕੇ ਦੀ ਸਰਦੀ ਹੁੰਦੀ ਹੈ ਬਾਹਰ ਮੀਂਹ ਪੈਂਦਾ ਹੈ, ਝੱਖੜ ਝੁੱਲ ਰਿਹਾ ਹੁੰਦਾ ਹੈ ਅਤੇ ਮੈਂ ਅੰਦਰ ਬਿਸਤਰੇ ਚ ਬੈਠਾ ਆਪਣੀਆਂ ਨਾਕਾਮੀਆਂ ਬਾਰੇ ਸੋਚ ਰਿਹਾ ਹੁੰਦਾ ਹਾਂ ਤਾਂ ਪਿਤਾ ਦੀ ਇਹ ਗੱਲ ਯਾਦ ਆ ਜਾਂਦੀ ਹੈ। ਉਹਨਾ ਲੋਕਾਂ ਦਾ ਖਿਆਲ ਆਉਂਦਾ ਹੈ ਜਿਨ੍ਹਾਂ ਦੀ ਦਿਹਾੜੀ ਟੁੱਟ ਗਈ ਹੁੰਦੀ ਹੈ ਜਾਂ ਸਰਦੀ ਅਤੇ ਮੀਂਹ ਵਿਚ ਬਾਹਰ ਕੰਮ ਕਰ ਰਹੇ ਹੁੰਦੇ ਹਨ, ਮੈਨੂੰ ਨਿਘੇ ਬਿਸਤਰੇ ਚ ਬੈਠੇ ਨੂੰ ਸ਼ਰਮ ਆਉਂਦੀ ਹੈ। ਪਰ ਪਿਤਾ ਦੀ ਗੱਲ ਮੈਨੂੰ ਨਿਰਾਸ਼ਤਾ ਦੇ ਖੂਹ ਚੋਂ ਬਾਹਰ ਕਢ ਦਿੰਦੀ ਹੈ। ਮੈਨੂੰ ਗੁਰਪ੍ਰੀਤ ਦੀ ਕਵਿਤਾ ਹੋਰ ਚੰਗੀ ਲੱਗਣ ਲੱਗ ਪੈਂਦੀ ਹੈ।
ਮੈਂ ਕਿਤਾਬ ਹੋਰ ਕਿਤੋਂ ਖੋਲ੍ਹ ਲਈ। ਗੁਰਪ੍ਰੀਤ ਦੀਆਂ ਕਵਿਤਾਵਾਂ ਨੂੰ ਕਿਸੇ ਤਰਤੀਬ ਵਿਚ ਪੜ੍ਹਨ ਦੀ ਲੋੜ ਨਹੀਂ। ਆਦਿ ਗ੍ਰੰਥ ਵਿਚੋਂ ਵਾਕ ਲੈਣ ਵਾਂਗ ਪੁਸਤਕ ਕਿਤੋ ਵੀ ਖੋਲ੍ਹੀ ਜਾ ਸਕਦੀ ਹੈ। ਹਰ ਕਵਿਤਾ ਆਪਣਾ ਸੁਤੰਤਰ ਅਨੁਭਵ ਪੇਸ਼ ਕਰਦੀ ਹੈ। ਆਧੁਨਿਕ ਨਿੱਕੀ ਕਵਿਤਾ ਦੀ ਏਹੋ ਖੂਬੀ ਹੈ। ਅਗਲੀ ਕਵਿਤਾ “ਪਿਆਰ” ਪੜ੍ਹੀ, ਪਹਿਲੀਆਂ ਸਤਰਾਂ:

ਮੈਂ ਕਿਤੇ ਵੀ ਜਾਵਾਂ
ਮੇਰੇ ਪੈਰਾਂ ਹੇਠ ਵਿਛੀ ਹੁੰਦੀ ਹੈ
ਧਰਤੀ

ਮੈਨੂੰ ਨਵਤੇਜ ਭਾਰਤੀ ਦੀਆਂ ਸਤਰਾਂ ਯਾਦ ਆਈਆਂ: (ਮੈਂ) “ਕਦਮ ਰੱਖਣ ਤੋਂ ਪਹਿਲਾਂ/ਧਰਤੀ ਵਿਛਾਉਂਦਾ ਹਾਂ/ਕਦਮ ਚੁੱਕਣ ਨਾਲ/ਵਲ੍ਹੇਟ ਲੈਂਦਾ ਹਾਂ।“ ਪਰ ਭਾਰਤੀ ਧਰਤੀ ਤੇ ਵਿਸ਼ਵਾਸ਼ ਦੀ ਗੱਲ ਕਰਦਾ ਹੈ ਗੁਰਪ੍ਰੀਤ ਪਿਆਰ ਦੀ। ਇਕ ਕਵੀ ਦੀ ਕਵਿਤਾ ਪੜ੍ਹਨ ਸਮੇਂ ਕਿਸੇ ਹੋਰ ਕਵੀ ਦੀ ਕਵਿਤਾ ਯਾਦ ਆਉਣੀ ਉੱਕਾ ਸੁਭਾਵਕ ਗੱਲ ਹੈ। ਕਿਸੇ ਕਵੀ ਦੀ ਕੋਈ ਕਵਿਤਾ ਪੂਰੀ ਦੀ ਪੂਰੀ ਉਸਦੀ ਆਪਣੀ ਨਹੀਂ ਹੁੰਦੀ, ਉਸ ਵਿਚ ਕਿਸੇ ਦੂਸਰੇ ਜਾਂ ਦੂਸਰਿਆਂ ਦਾ ਭਾਗ ਜਰੂਰ ਹੁੰਦਾ ਹੈ। ਗੁਰਪ੍ਰੀਤ ਧਰਤੀ ਅਤੇ ਅfਕਾਸ਼ ਵਿਚਕਾਰ ਖੜ੍ਹਾ ਕਹਿੰਦਾ ਹੈ:

ਮੈਂ ਇਹਨਾਂ ਦੋਹਾਂ ਵਿਚਕਾਰ
ਕੌਣ ਹਾਂ
ਕਿਤੇ ਇਹਨਾਂ ਦੋਹਾਂ ਦਾ
ਪਿਆਰ ਤਾਂ ਨਹੀਂ

ਮੈਂ ਕਵਿਤਾ ਦੀਆਂ ਇਹਨਾਂ ਆਖਰੀ ਦੋ ਸਤਰਾਂ ਤੇ ਅਟਕ ਜਾਂਦਾ ਹਾਂ; ਇਹਨਾਂ ਪਿਛੇ ਕਵੀ ਦੀ ਕੀ ਮਨਸ਼ਾ ਹੋ ਸਕਦੀ ਹੈ? ਜਿੰਦਗੀ, ਧਰਤੀ ਅਤੇ ਆਕਾਸ਼ ਦੀ ਸਾਂਝੀ ਸਿਰਜਨਾ ਹੈ। ਧਰਤੀ ਇਸਨੂੰ ਜੜ੍ਹਾਂ ਲਾਉਣ ਲਈ ਆਧਾਰ ਬਖਸ਼ਦੀ ਹੈ, ਆਕਾਸ਼ ਸੂਰਜੀ ਊਰਜਾ। ਜਾਪਿਆ ਜਿੰਦਗੀ ਰਾਹੀਂ ਧਰਤੀ ਤੇ ਆਕਾਸ਼ ਇਕ ਦੂਸਰੇ ਨਾਲ ਬੱਝੇ ਹੋਏ ਹਨ। ਇਸ ਤਰ੍ਹਾਂ ਇਹ ਧਰਤੀ-ਜਿੰਦਗੀ-ਆਕਾਸ਼ ਦਾ ਸਮੁੱਚਾ ਬਿੰਬ ਇਕ ਦਮ ਜੀਵੰਤ ਅਤੇ ਸੁੰਦਰ ਲੱਗਿਆ। ਜੇ ਧਰਤੀ ਤੋਂ ਜਿੰਦਗੀ ਅਲੋਪ ਹੋ ਜਾਵੇ ਤਾਂ ਇਸ ਰਿਸ਼ਤੇ ਦਾ ਕੀ ਅਰਥ ਰਹਿ ਜਾਵੇ। ਮੇਰੀ ਸੋਚ ਅੱਗਿਓਂ ਅੱਗੇ ਪਸਰਨ ਲਗਦੀ ਹੈ। ਮੈਨੂੰ ਅਹਿਸਾਸ ਹੈ ਕਿ ਇਹ ਕਵਿਤਾ ਲਿਖਣ ਸਮੇਂ ਕਵੀ ਦੀ ਸੋਚ ਮੇਰੇ ਨਾਲੋਂ ਵੱਖਰੀ ਹੋਵੇਗੀ ਪਰ ਏਹੋ ਤਾਂ ਵਧੀਆ ਕਵਿਤਾ ਦੀ ਖੂਬੀ ਹੈ; ਇਹ ਕਲਪਨਾ ਦੇ ਖੰਭਾਂ ਵਿਚ ਉਡਾਰੀ ਭਰਦੀ ਹੈ, ਚੇਤਨਾ ਦਾ ਵਿਸਤਾਰ ਕਰਦੀ ਹੈ। ਮੈਨੂੰ ਧਰਤੀ ਤੇ ਆਕਾਸ਼ ਦਾ ਰਿਸ਼ਤਾ ਅਨੰਤ ਰੰਗਾਂ ਵਚ ਪਸਰਿਆ ਦਿਸਿਆ, ਇਸ ਸਾਦੀ ਜਿਹੀ ਭਾਵਨਾ ਨੇ ਦਿਲ ਲਹਿਰ ਲਹਿਰ ਕਰ ਦਿਤਾ।

“ਤਾਇਆ ਨਾਥੀ ਰਾਮ” ਪੜ੍ਹ ਕੇ ਪਿੰਡ ਦੇ ਸਾਡੇ ਮਹੱਲੇ ‘ਚ ਰਹਿੰਦਾ ਮਲ੍ਹੀ ਯਾਦ ਆ ਗਿਆ। ਉਹਦਾ ਅਸਲੀ ਨਾਮ ਸੁੰਦਰ ਸਿੰਘ ਬਰਾੜ ਸੀ। ਮਲ੍ਹੀ ਮੇਰੇ ਬਚਪਨ ਵਿਚ ਹੀ ਅਮਲੀ ਬਣ ਚੁੱਕਾ ਸੀ, ਅਫੀਮ ਖਾਂਦਾ ਸੀ, ਬੱਕਰੀ ਚੋਅ ਕੇ ਚਾਹ ਬਣਾਉਂਦਾ ਸੀ, ਡਿਕਡੋਲੇ ਜਿਹੇ ਖਾ ਕੇ ਤੁਰਦਾ ਸੀ। ਪਰ ਉਹਦੇ ਚਿਹਰੇ ਤੇ ਬੱਚੇ ਵਰਗੀ ਮੁਸਕਾਨ ਰਹਿੰਦੀ ਸੀ, ਸਵੈਮਾਣ ਵੀ ਰਹਿੰਦਾ ਸੀ। ਕੈਨੇਡਾ ਵਿਚ ਅਮਲੀਆਂ ਦੇ ਅਮਲ ਛੁਡਾਉਣ ਵਾਸਤੇ ਸਰਕਾਰੀ ਸਹੂਲਤਾਂ ਹਨ, ਸਹਾਇਤਾ ਸੰਸਥਾਵਾਂ ਹਨ ਪਰ ਏਥੇ ਅਮਲੀ ਸਮੁੱਚੇ ਸਭਿਅਚਾਰ ਦੇ ਉਸ ਤਰ੍ਹਾਂ ਅੰਗ ਨਹੀਂ ਜਿਵੇਂ ਪੰਜਾਬ ਵਿਚ ਹੁੰਦੇ ਸਨ। ਪੰਜਾਬ ਵਿਚ ਅਮਲੀ ਲਤੀਫਿਆਂ ਦੇ ਸੋਮੇ ਸਨ, ਹਾਸਾ ਪ੍ਰਦਾਨ ਕਰਦੇ ਸਨ, ਉਹਨਾਂ ਪ੍ਰਤਿ ਤਿਰਸਕਾਰ ਦੀ ਭਾਵਨਾ ਨਹੀਂ ਹੁੰਦੀ ਸੀ, ਉਹ ਛੋਟਿਆਂ ਨੂੰ ਝਿੜਕ ਸਕਦੇ ਸਨ, ਤਾਇਆ ਨਾਥੀ ਰਾਮ ਵਾਂਗ ਨਿਕੀ ਮੋਟੀ ਗਾਲ੍ਹ ਵੀ ਕਢ ਸਕਦੇ ਸਨ। ਗੁਰਪ੍ਰੀਤ ਦੀ ਕਵਿਤਾ ਦਸਦੀ ਹੈ ਇਸ ਪੱਖੋਂ ਪੰਜਾਬ ਅਜੇ ਵੀ ਬਹੁਤਾ ਨਹੀਂ ਬਦਲਿਆ। ਅਜੇ ਵੀ ਉਸਰ ਰਹੇ ਮਕਾਨ ਲਈ ਗਾਰਾ ਬਣਾਉਂਦੇ  ਮਜ਼ਦੂਰ ਦੇ ਪੈਰ, “ਫੈਲੇ ਹੁੰਦੇ ਨੇ/ਚਾਰੋਂ ਤਰਫ/ਰੁੱਖ ਦੀਆਂ ਜੜ੍ਹਾਂ ਵਾਂਗਰ।

ਮੈਂ ਕਵਿਤਾਵਾਂ ਪੜ੍ਹਨੀਆਂ ਛਡ ਦਿੰਦਾ ਹਾਂ ਤੇ ਪੰਨੇ ਫੋਲ ਕੇ ਕੇਵਲ ਸਿਰਲੇਖ ਹੀ ਪੜ੍ਹਦਾ ਹਾਂ। ਸੋਚਿਆ ਕਵਿਤਾਵਾਂ ਕਿਸੇ ਹੋਰ ਸਵੇਰ ਪੜ੍ਹਾਂਗਾ, ਸਹਿਜੇ ਸਹਿਜੇ। ਪਰ “ਘਰ ਦੀ ਪਿਛਲੀ ਕੰਧ” ਫੇਰ ਮੇਰਾ ਧਿਆਨ ਖਿਚ ਲੈਂਦੀ ਹੈ। ਮੈਂ ਹੌਲੀ ਹੌਲੀ ਕਵਿਤਾ ਪੜ੍ਹਨੀ ਸ਼ੁਰੂ ਕਰਦਾ ਹਾਂ। ਸੁਭਾਵਕ ਹੀ ਆਪਣੇ ਰੋਡਿਆਂ ਵਾਲੇ ਘਰ ਦੀ ਪਿਛਲੀ ਕੰਧ ਮਨ ਵਿਚ ਉਜਾਗਰ ਹੋ ਜਾਂਦੀ ਹੈ, ਮਨ ਫੇਰ ਕਲਪਨਾ ਦੇ ਯੂਨਿਕਾਰਨ ਤੇ ਸਵਾਰ ਹੋ ਗਿਆ। ਸੋਚਿਆ ਮੇਰੇ ਪਿਛੋਕੜ ਨੇ ਕਿੰਨਾ ਕੁਝ ਮੇਰੇ ਅੰਦਰ ਸੁਰਿੱਖਅਤ ਰੱਖਿਆ ਹੋਇਆ ਹੈ ਜੋ ਅਮੁੱਲ ਖਜਾਨੇ ਵਾਂਗ ਹੈ; ਮੈਂ ਮਨ ਵਿਚ ਪਰਗਟ ਹੁੰਦੇ ਨਵੇਂ ਮਹਿਮਾਨਾਂ ਨੂੰ ਆਪਣੇ ਪਿਛੋਕੜ ਦੀਆਂ ਰਵਾਇਤਾਂ ਕਰਕੇ ਹੀ ਜੀਅ ਆਇਆਂ ਆਖਦਾ ਹਾਂ।
                     ਗੁਰਪ੍ਰੀਤ ਦੀਆਂ ਥੋੜ੍ਹੀਆਂ ਜਿਹੀਆਂ ਕਵਿਤਾਵਾਂ ਨੇ ਹੀ ਮੇਰੇ ਅੰਦਰ ਕਿੰਨਾ ਕੁਝ ਜਗਾ ਦਿਤਾ, ਕੀ ਕੁਝ ਕਰ ਦਿਤਾ। ਵਧੀਆ ਕਵਿਤਾ ਦਾ ਸਾਇਦ ਏਹੋ ਕਰਤਵ ਹੁੰਦਾ ਹੈ: ਸਵੈ ਪਛਾਣ ਨੂੰ ਨਵੀਂ ਲੋਅ ਲਾਉਣੀ, ਨਵੇਂ ਰੂਪਾਂ ਚ ਦਿਖਾਉਣਾ, ਸੁੱਤਿਆਂ ਨੂੰ ਜਗਾਉਣਾ, ਦੁਖ ਸੁਖ ਕਰਨਾ, ਵਸਤਾਂ ਤੋਂ ਸਾਧਰਨਤਾ ਦੀ ਜਿਲਬ ਲਾਹੁਣੀ, ਹਰ ਕਿਣਕੇ ਚੋਂ ਅਦਭੁਤ ਦੀ ਲਿਸ਼ਕੋਰ ਪਾਉਣੀ। ਗੁਰਪ੍ਰੀਤ ਦੀ ਕਵਿਤਾ ਨੇ ਅਜਿਹਾ ਕੁਝ ਹੀ ਕੀਤਾ ਹੈ ਮੇਰੇ ਨਾਲ। ਧੰਨਵਾਦ।

ਰੁੱਖ ਦੀਆਂ ਜੜ੍ਹਾਂ ਕੋਲ
ਗਹਿਰੀ ਚੁੱਪ
ਇਸੇ ਲਈ
ਫੁਲਾਂ ਕੋਲ ਨੇ ਅਨੇਕ ਰੰਗ
ਫਲਾਂ ਕੋਲ ਨੇ ਅਣਗਿਣਤ ਰਸ
   -- ਗੁਰਪ੍ਰੀਤ ਦੀ ਕਵਿਤਾ “ਚੁੱਪ ਦੀ ਕੁਟੀਆ” ਚੋਂ

--ਅਜਮੇਰ ਰੋਡੇ

No comments:

Post a Comment