Friday, January 20, 2012

ਗੁਰਪ੍ਰੀਤ ਦੀ ਕਵਿਤਾ ਪੜ੍ਹਦਿਆਂ ੦ਅਜਮੇਰ ਰੋਡੇ

ਪੁਸਤਕ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਗੁਰਪ੍ਰੀਤ ਨੇ ਇਹ ਕਵਿਤਾਵਾਂ ਮੇਰੇ ਨਾਲ ਈਮੇਲ ਰਾਹੀਂ ਸਾਂਝੀਆਂ ਕੀਤੀਆਂ; ਮੈਂ ਇਹਨਾਂ ਨੂੰ ਪ੍ਰਿੰਟ ਕਰਕੇ ਨਿਕੀ ਜਿਹੀ ਕਿਤਾਬ ਬਣਾ ਕੇ ਸਿਰਹਾਣੇ ਰੱਖ ਲਿਆ ਤੇ ਇਕ ਸਵੇਰ ਇਹਨਾਂ ਨੂੰ ਪੜ੍ਹਨਾ ਸ਼ਰੂ ਕੀਤਾ। ਮੇਰੇ ਲਈ ਕਵਿਤਾ ਸਮਝਣ ਤੇ ਮਾਨਣ ਵਿਚ ਸਮਾਂ ਮਹੱਤਵ ਪੂਰਨ ਹੈ। ਜੋ ਕਵਿਤਾ ਥੱਕੀ ਥੱਕੀ ਸ਼ਾਮ ਵਿਚ ਬੁਝੀ ਜਿਹੀ ਲਗਦੀ ਹੈ ਸਵੇਰ ਵੇਲੇ ਉਹੀ ਤੁਹਾਡੇ ਅੰਦਰ ਚਾਨਣ ਕਰ ਸਕਦੀ ਹੈ। ਗੁਰਪ੍ਰੀਤ ਦੀ ਪਹਿਲੀ ਕਵਿਤਾ “ਸਦਾ ਸਲਾਮਤ” ਦੀਆਂ ਸਤਰਾਂ ਹਨ:

ਮੇਰੇ ਅੰਦਰ ਇਕ ਧਰਤੀ ਹੈ
ਜਿਸ ਨੂੰ
ਮੈਂ ਰੋਜ਼ ਲਭਦਾ ਹਾਂ
ਤੇ ਗੁੰਮ ਜਾਣ ਦਿੰਦਾ ਹਾਂ

ਮੈਂ ਕਵਿਤਾ ਨੂੰ ਉਸੇ ਤਰ੍ਹਾਂ ਪੜ੍ਹਨ ਦੀ ਕੋਸ਼ਸ਼ ਕੀਤੀ ਜਿਵੇਂ ਕਵੀ ਨੇ ਲਿਖੀ, ਨਿਕੀਆਂ ਸਤਰਾਂ ਦੇ ਅੰਤ ਤੇ ਠਹਿਰ ਠਹਿਰ ਕੇ ਅਤੇ ਸਤਰਾਂ ਵਿਚਲੀ ਵਿੱਥ ਦਾ ਆਦਰ ਕਰਕੇ। ਇਸ ਤਰ੍ਹਾਂ ਮੈਂ ਕਵੀ ਦੇ ਵਧੇਰੇ ਨੇੜੇ ਮਹਿਸੂਸ ਕਰਦਾ ਹਾਂ। ਕਵੀ ਕਵਿਤਾ ਦੀ ਸਤਰ ਨੂੰ ਅੱਡ ਅੱਡ ਥਾਵਾਂ ਤੋਂ ਤੋੜ ਕੇ ਵੱਖਰੇ ਵੱਖਰੇ ਪ੍ਰਭਾਵ ਪੈਦਾ ਕਰ ਸਕਦਾ ਹੈ— ਕਿਸੇ ਸ਼ਬਦ ਤੇ ਜੋਰ ਦੇ ਸਕਦਾ ਹੈ, ਨਾਟਕੀ ਮੋੜ ਦੇ ਸਕਦਾ ਹੈ, ਪਾਠਕ ਦੀ ਸੋਚ ਨੂੰ ਕੁਝ ਪਲ ਰੋਕ ਸਕਦਾ ਹੈ। ਗੁਰਪ੍ਰੀਤ ਨੇ ਵੀ ਸਤਰਾਂ ਸ਼ਾਇਦ ਇਸੇ ਮਨਸ਼ਾ ਨਾਲ ਤੋੜੀਆਂ ਹੋਣਗੀਆਂ। ਪਹਿਲੀ ਵਾਰ ਕਵਿਤਾ ਪੜ੍ਹਨ ਸਮੇਂ ਮੈਂ ਆਪਣੇ ਅੰਦਰਲੇ ਆਲੋਚਕ ਨੂੰ ਵੀ ਚੁੱਪ ਰਖਦਾ ਹਾਂ ਅਤੇ ਕਵੀ ਨੂੰ ਆਪਣੇ ਤੋਂ ਉਚਾ ਮੰਨ ਕੇ ਚਲਦਾ ਹਾਂ। ਕਵਿਤਾ ਦਿਲ ਨੂੰ ਟੁੰਬ ਜਾਵੇ, ਕੋਈ ਨਵਾਂ ਚਾਨਣ ਕਰ ਜਾਵੇ, ਹੈਰਾਨੀ ਵਿਚ ਡੋਬ ਜਾਵੇ, ਨਵੇਂ ਪ੍ਰਸ਼ਨ ਖੜ੍ਹੇ ਕਰ ਜਾਵੇ ਤਾਂ ਕਵੀ ਦਾ ਧੰਨਵਾਦ ਕਰਦਾ ਹਾਂ। ਧੰਨਵਾਦ ਇਸ ਲਈ ਵੀ ਕਰਦਾ ਹਾਂ ਕਿ ਕਵੀ ਨੇ ਮੇਰੇ ਨਾਲ ਉਹ ਕੁਝ ਸਾਂਝਾ ਕਰਨ ਦਾ ਯਤਨ ਕੀਤਾ ਜੋ ਕਵਿਤਾ ਲਿਖਣ ਸਮੇਂ ਉਸ ਨਾਲ ਵਾਪਰਿਆ ਸੀ। ਪਰ ਇਸ ਤਰ੍ਹਾਂ ਹਰ ਕਿਸੇ ਦੀ ਕਵਿਤਾ ਪੜ੍ਹਨ ਸਮੇਂ ਨਹੀਂ ਵਾਪਰਦਾ। ਗੁਰਪ੍ਰੀਤ ਦੀਆਂ ਕਵਿਤਾਵਾਂ ਪੜ੍ਹਨ ਸਮੇਂ ਇਸ ਤਰ੍ਹਾਂ ਜਰੂਰ ਵਾਪਰਿਆ।
ਉਪਰੋਕਤ ਕਵਿਤਾ ਪੜ੍ਹਨ ਸਮੇਂ ਮੇਰੇ ਮਨ ਵਿਚ ਇਕ ਧੁੰਦਲਾ ਜਿਹਾ ਗਲੋਬ ਉਭਰਿਆ ਤੇ ਆਖਰੀ ਸਤਰ ਨਾਲ ਅਲੋਪ ਹੋ ਗਿਆਮੈਂ ਸੋਚਣ ਲੱਗਾ ਮੇਰੇ ਆਪਣੇ ਅੰਦਰ ਸਥਿਰ ਕੀ ਹੈ? ਜਿਸ ਧਰਤੀ ਤੇ ਹੁਣ ਖੜ੍ਹਾ ਹਾਂ ਕੀ ਉਹ ਕਲ੍ਹ ਵੀ ਮੇਰੇ ਅੰਦਰ ਹੋਵੇਗੀ? ਮੈਂ ਉਸਨੂੰ ਸਦਾ ਲਈ ਫੜ੍ਹ ਕੇ ਰੱਖਣ ਦਾ ਯਤਨ ਕਰਾਂ ਜਾਂ ਕਲ੍ਹ ਨੂੰ ਨਵੀਂ ਧਰਤੀ ਸਿਰਜਾਂ? ਅਤੇ ਇਹ ਧਰਤੀ ਹੈ ਕੀ? ਮੇਰੀ ਸਵੈ ਪਛਾਣ ਦਾ ਆਧਾਰ, ਜੋ ਸਾਰੇ ਦਾ ਸਾਰਾ ਖੁਰ ਜਾਂਦਾ ਹੈ ਤੇ ਫਿਰ ਨਵੇਂ ਰੂਪ ਵਿਚ ਮੇਰੀ ਸਵੈ ਪਛਾਣ ਨੂੰ ਆਸਰਾ ਦਿੰਦਾ ਹੈ? ਸੋਵੀਅਤ ਯੂਨੀਅਨ ਟੁੱਟਣ ਨਾਲ ਬਹੁੱਤ ਲੋਕਾਂ ਦੀ ਸਵੈ ਪਛਾਣ ਦਾ ਆਧਾਰ ਖੁਰ ਗਿਆ ਸੀ ਅਤੇ ਜਾਪਦਾ ਸੀ ਜਿਵੇਂ ਉਹ ਖਲਾ ਵਿਚ ਲਟਕ ਰਹੇ ਹੋਣ ਪਰ ਇਥੇ ਕਵੀ ਕਿਸੇ ਆਧਾਰ ਖੁਰ ਜਾਣ ਚੇ ਸਦਮੇ ਦੀ ਗੱਲ ਨਹੀਂ ਕਰ ਰਿਹਾ ਸਗੋਂ ਇਸਨੂੰ ਆਪ ਖੁਰਨ ਦੇ ਰਿਹਾ ਹੈ। ਮੇਰੇ ਲਈ ਇਸ ਗੱਲ ਦੀ ਬਹੁਤੀ ਮਹੱਤਤਾ ਨਹੀਂ ਕਿ ਕਵੀ ਨੇ ਇਹ ਕਵਿਤਾ ਕੀ ਸੋਚ ਕੇ ਲਿਖੀ? ਜਾਂ ਮੈਂ ਕਵੀ ਵਾਂਗ ਸੋਚ ਰਿਹਾ ਹਾਂ ਜਾਂ ਨਹੀਂ। ਮਹੱਤਵ ਪੂਰਨ ਗੱਲ ਹੈ ਇਕ ਨਵੇਂ ਬਿੰਬ ਦਾ ਉਪਜਣਾ ਤੇ ਉਸਦਾ ਬਿਨਸ ਜਾਣਾ, ਦਿਲਚਸਪ ਗੱਲ ਹੈ ਕਵਿਤਾ ਦਾ ਪ੍ਰਸ਼ਨ ਉਤਪੰਨ ਕਰਨੇ। ਇਸ ਨਿਕੀ ਜਿਹੀ ਕਵਿਤਾ ਵਿਚ ਮੇਰੇ ਲਈ ਕੋਈ ਨਵਾਂ ਸ਼ਬਦ ਨਹੀਂ ਸੀ ਨਾਂ ਹੀ ਕੋਈ ਮੂਲੋਂ ਨਵਾਂ ਸੰਕਲਪ ਫੇਰ ਵੀ ਇਸ ਨੇ ਮੇਰੇ ਅੰਦਰ ਕਿੰਨਾ ਕੁਝ ਖੋਲ੍ਹ ਦਿਤਾ। ਏਹੋ ਵਧੀਆ ਕਵਿਤਾ ਦਾ ਗੁਣ ਹੈ। ਅਗਲੀ ਕਵਿਤਾ ਵਿਚ ਕਵੀ ਕਹਿੰਦਾ ਹੈ,

ਕੋਈ ਸਤਰ ਹਨੇਰੇ ਵਿਚ ਚਾਨਣ ਵਾਂਗ ਚਮਕਦੀ ਹੈ
ਮੈਨੂੰ ਖੂਹ ਚ ਡਿਗੇ ਨੂੰ ਬਾਹਰ ਕਢ ਲੈਂਦੀ ਹੈ
ਮੈਨੂੰ ਪਲ ਪਲ ਘੜਦੀ ਹੈ
ਵੰਨ ਸੁਵੰਨੇ ਰੰਗ ਰੂਪਾਂ ਵਿਚ

ਮੈਨੂੰ ਪਲ ਪਲ ਨਵੇਂ ਰੰਗ ਰੂਪਾਂ ਵਿਚ ਘੜੇ ਜਾਣਾ ਚੰਗਾ ਲੱਗਾ ਤੇ ਕੁਝ ਦੇਰ ਮੈਂ ਇਥੇ ਅਟਕਿਆ ਰਿਹਾ। ਫੇਰ ਸੋਚਿਆ ਅਜਿਹੀ ਕਿਹੜੀ ਸਤਰ ਹੈ ਜਿਸਨੇ ਮੈਨੂੰ ਕਦੇ ਉਦਾਸੀ ਦੇ ਖੂਹ ਚੋਂ ਬਾਹਰ ਕਢਿਆ ਹੋਵੇ। ਯਾਦ ਆਇਆ ਇਕ ਵਾਰ ਜਦੋਂ ਅਜੇ ਰੋਡੇ ਪਿੰਡ ਵਿਚ ਸਾਂ ਇਕ ਦਿਨ ਜੋਰਦਾਰ ਮੀਂਹ ਪੈ ਰਿਹਾ ਸੀ। ਮੈਂ ਆਪਣੇ ਪਿਤਾ ਨਾਲ ਬੈਠਕ ਵਿਚ ਖੜ੍ਹਾ ਬਾਹਰ ਦੇਖ ਰਿਹਾ ਸੀ ਤਾਂ ਪਿਤਾ ਦੇ ਮੂੰਹੋਂ ਨਿਕਲਿਆ, “ਸਰਕਾਰੀ ਨੋਕਰੀ ਕਰਨ ਵਾਲਿਆਂ ਨੂੰ ਆਹ ਮੌਜ ਐ, ਮੀਂਹ ਜਾਏ ਨ੍ਹੇਰੀ ਜਾਏ ਤਨਖਾਹ ਮ੍ਹੀਨੇ ਦੇ ਮ੍ਹੀਨੇ ਤਰ ਜਾਣੀ ਐ; ਔਖਾ ਤਾਂ ਦਿਹਾੜੀ ਦੱਪਾ ਕਰਨ ਵਾਲਿਆਂ ਨੂੰ ਐ।“ ਹੁਣ ਵੈਨਕੂਵਰ ਵਿਚ ਜਦੋਂ ਕਦੇ ਰਾਤ ਨੂੰ ਕੜਾਕੇ ਦੀ ਸਰਦੀ ਹੁੰਦੀ ਹੈ ਬਾਹਰ ਮੀਂਹ ਪੈਂਦਾ ਹੈ, ਝੱਖੜ ਝੁੱਲ ਰਿਹਾ ਹੁੰਦਾ ਹੈ ਅਤੇ ਮੈਂ ਅੰਦਰ ਬਿਸਤਰੇ ਚ ਬੈਠਾ ਆਪਣੀਆਂ ਨਾਕਾਮੀਆਂ ਬਾਰੇ ਸੋਚ ਰਿਹਾ ਹੁੰਦਾ ਹਾਂ ਤਾਂ ਪਿਤਾ ਦੀ ਇਹ ਗੱਲ ਯਾਦ ਆ ਜਾਂਦੀ ਹੈ। ਉਹਨਾ ਲੋਕਾਂ ਦਾ ਖਿਆਲ ਆਉਂਦਾ ਹੈ ਜਿਨ੍ਹਾਂ ਦੀ ਦਿਹਾੜੀ ਟੁੱਟ ਗਈ ਹੁੰਦੀ ਹੈ ਜਾਂ ਸਰਦੀ ਅਤੇ ਮੀਂਹ ਵਿਚ ਬਾਹਰ ਕੰਮ ਕਰ ਰਹੇ ਹੁੰਦੇ ਹਨ, ਮੈਨੂੰ ਨਿਘੇ ਬਿਸਤਰੇ ਚ ਬੈਠੇ ਨੂੰ ਸ਼ਰਮ ਆਉਂਦੀ ਹੈ। ਪਰ ਪਿਤਾ ਦੀ ਗੱਲ ਮੈਨੂੰ ਨਿਰਾਸ਼ਤਾ ਦੇ ਖੂਹ ਚੋਂ ਬਾਹਰ ਕਢ ਦਿੰਦੀ ਹੈ। ਮੈਨੂੰ ਗੁਰਪ੍ਰੀਤ ਦੀ ਕਵਿਤਾ ਹੋਰ ਚੰਗੀ ਲੱਗਣ ਲੱਗ ਪੈਂਦੀ ਹੈ।
ਮੈਂ ਕਿਤਾਬ ਹੋਰ ਕਿਤੋਂ ਖੋਲ੍ਹ ਲਈ। ਗੁਰਪ੍ਰੀਤ ਦੀਆਂ ਕਵਿਤਾਵਾਂ ਨੂੰ ਕਿਸੇ ਤਰਤੀਬ ਵਿਚ ਪੜ੍ਹਨ ਦੀ ਲੋੜ ਨਹੀਂ। ਆਦਿ ਗ੍ਰੰਥ ਵਿਚੋਂ ਵਾਕ ਲੈਣ ਵਾਂਗ ਪੁਸਤਕ ਕਿਤੋ ਵੀ ਖੋਲ੍ਹੀ ਜਾ ਸਕਦੀ ਹੈ। ਹਰ ਕਵਿਤਾ ਆਪਣਾ ਸੁਤੰਤਰ ਅਨੁਭਵ ਪੇਸ਼ ਕਰਦੀ ਹੈ। ਆਧੁਨਿਕ ਨਿੱਕੀ ਕਵਿਤਾ ਦੀ ਏਹੋ ਖੂਬੀ ਹੈ। ਅਗਲੀ ਕਵਿਤਾ “ਪਿਆਰ” ਪੜ੍ਹੀ, ਪਹਿਲੀਆਂ ਸਤਰਾਂ:

ਮੈਂ ਕਿਤੇ ਵੀ ਜਾਵਾਂ
ਮੇਰੇ ਪੈਰਾਂ ਹੇਠ ਵਿਛੀ ਹੁੰਦੀ ਹੈ
ਧਰਤੀ

ਮੈਨੂੰ ਨਵਤੇਜ ਭਾਰਤੀ ਦੀਆਂ ਸਤਰਾਂ ਯਾਦ ਆਈਆਂ: (ਮੈਂ) “ਕਦਮ ਰੱਖਣ ਤੋਂ ਪਹਿਲਾਂ/ਧਰਤੀ ਵਿਛਾਉਂਦਾ ਹਾਂ/ਕਦਮ ਚੁੱਕਣ ਨਾਲ/ਵਲ੍ਹੇਟ ਲੈਂਦਾ ਹਾਂ।“ ਪਰ ਭਾਰਤੀ ਧਰਤੀ ਤੇ ਵਿਸ਼ਵਾਸ਼ ਦੀ ਗੱਲ ਕਰਦਾ ਹੈ ਗੁਰਪ੍ਰੀਤ ਪਿਆਰ ਦੀ। ਇਕ ਕਵੀ ਦੀ ਕਵਿਤਾ ਪੜ੍ਹਨ ਸਮੇਂ ਕਿਸੇ ਹੋਰ ਕਵੀ ਦੀ ਕਵਿਤਾ ਯਾਦ ਆਉਣੀ ਉੱਕਾ ਸੁਭਾਵਕ ਗੱਲ ਹੈ। ਕਿਸੇ ਕਵੀ ਦੀ ਕੋਈ ਕਵਿਤਾ ਪੂਰੀ ਦੀ ਪੂਰੀ ਉਸਦੀ ਆਪਣੀ ਨਹੀਂ ਹੁੰਦੀ, ਉਸ ਵਿਚ ਕਿਸੇ ਦੂਸਰੇ ਜਾਂ ਦੂਸਰਿਆਂ ਦਾ ਭਾਗ ਜਰੂਰ ਹੁੰਦਾ ਹੈ। ਗੁਰਪ੍ਰੀਤ ਧਰਤੀ ਅਤੇ ਅfਕਾਸ਼ ਵਿਚਕਾਰ ਖੜ੍ਹਾ ਕਹਿੰਦਾ ਹੈ:

ਮੈਂ ਇਹਨਾਂ ਦੋਹਾਂ ਵਿਚਕਾਰ
ਕੌਣ ਹਾਂ
ਕਿਤੇ ਇਹਨਾਂ ਦੋਹਾਂ ਦਾ
ਪਿਆਰ ਤਾਂ ਨਹੀਂ

ਮੈਂ ਕਵਿਤਾ ਦੀਆਂ ਇਹਨਾਂ ਆਖਰੀ ਦੋ ਸਤਰਾਂ ਤੇ ਅਟਕ ਜਾਂਦਾ ਹਾਂ; ਇਹਨਾਂ ਪਿਛੇ ਕਵੀ ਦੀ ਕੀ ਮਨਸ਼ਾ ਹੋ ਸਕਦੀ ਹੈ? ਜਿੰਦਗੀ, ਧਰਤੀ ਅਤੇ ਆਕਾਸ਼ ਦੀ ਸਾਂਝੀ ਸਿਰਜਨਾ ਹੈ। ਧਰਤੀ ਇਸਨੂੰ ਜੜ੍ਹਾਂ ਲਾਉਣ ਲਈ ਆਧਾਰ ਬਖਸ਼ਦੀ ਹੈ, ਆਕਾਸ਼ ਸੂਰਜੀ ਊਰਜਾ। ਜਾਪਿਆ ਜਿੰਦਗੀ ਰਾਹੀਂ ਧਰਤੀ ਤੇ ਆਕਾਸ਼ ਇਕ ਦੂਸਰੇ ਨਾਲ ਬੱਝੇ ਹੋਏ ਹਨ। ਇਸ ਤਰ੍ਹਾਂ ਇਹ ਧਰਤੀ-ਜਿੰਦਗੀ-ਆਕਾਸ਼ ਦਾ ਸਮੁੱਚਾ ਬਿੰਬ ਇਕ ਦਮ ਜੀਵੰਤ ਅਤੇ ਸੁੰਦਰ ਲੱਗਿਆ। ਜੇ ਧਰਤੀ ਤੋਂ ਜਿੰਦਗੀ ਅਲੋਪ ਹੋ ਜਾਵੇ ਤਾਂ ਇਸ ਰਿਸ਼ਤੇ ਦਾ ਕੀ ਅਰਥ ਰਹਿ ਜਾਵੇ। ਮੇਰੀ ਸੋਚ ਅੱਗਿਓਂ ਅੱਗੇ ਪਸਰਨ ਲਗਦੀ ਹੈ। ਮੈਨੂੰ ਅਹਿਸਾਸ ਹੈ ਕਿ ਇਹ ਕਵਿਤਾ ਲਿਖਣ ਸਮੇਂ ਕਵੀ ਦੀ ਸੋਚ ਮੇਰੇ ਨਾਲੋਂ ਵੱਖਰੀ ਹੋਵੇਗੀ ਪਰ ਏਹੋ ਤਾਂ ਵਧੀਆ ਕਵਿਤਾ ਦੀ ਖੂਬੀ ਹੈ; ਇਹ ਕਲਪਨਾ ਦੇ ਖੰਭਾਂ ਵਿਚ ਉਡਾਰੀ ਭਰਦੀ ਹੈ, ਚੇਤਨਾ ਦਾ ਵਿਸਤਾਰ ਕਰਦੀ ਹੈ। ਮੈਨੂੰ ਧਰਤੀ ਤੇ ਆਕਾਸ਼ ਦਾ ਰਿਸ਼ਤਾ ਅਨੰਤ ਰੰਗਾਂ ਵਚ ਪਸਰਿਆ ਦਿਸਿਆ, ਇਸ ਸਾਦੀ ਜਿਹੀ ਭਾਵਨਾ ਨੇ ਦਿਲ ਲਹਿਰ ਲਹਿਰ ਕਰ ਦਿਤਾ।

“ਤਾਇਆ ਨਾਥੀ ਰਾਮ” ਪੜ੍ਹ ਕੇ ਪਿੰਡ ਦੇ ਸਾਡੇ ਮਹੱਲੇ ‘ਚ ਰਹਿੰਦਾ ਮਲ੍ਹੀ ਯਾਦ ਆ ਗਿਆ। ਉਹਦਾ ਅਸਲੀ ਨਾਮ ਸੁੰਦਰ ਸਿੰਘ ਬਰਾੜ ਸੀ। ਮਲ੍ਹੀ ਮੇਰੇ ਬਚਪਨ ਵਿਚ ਹੀ ਅਮਲੀ ਬਣ ਚੁੱਕਾ ਸੀ, ਅਫੀਮ ਖਾਂਦਾ ਸੀ, ਬੱਕਰੀ ਚੋਅ ਕੇ ਚਾਹ ਬਣਾਉਂਦਾ ਸੀ, ਡਿਕਡੋਲੇ ਜਿਹੇ ਖਾ ਕੇ ਤੁਰਦਾ ਸੀ। ਪਰ ਉਹਦੇ ਚਿਹਰੇ ਤੇ ਬੱਚੇ ਵਰਗੀ ਮੁਸਕਾਨ ਰਹਿੰਦੀ ਸੀ, ਸਵੈਮਾਣ ਵੀ ਰਹਿੰਦਾ ਸੀ। ਕੈਨੇਡਾ ਵਿਚ ਅਮਲੀਆਂ ਦੇ ਅਮਲ ਛੁਡਾਉਣ ਵਾਸਤੇ ਸਰਕਾਰੀ ਸਹੂਲਤਾਂ ਹਨ, ਸਹਾਇਤਾ ਸੰਸਥਾਵਾਂ ਹਨ ਪਰ ਏਥੇ ਅਮਲੀ ਸਮੁੱਚੇ ਸਭਿਅਚਾਰ ਦੇ ਉਸ ਤਰ੍ਹਾਂ ਅੰਗ ਨਹੀਂ ਜਿਵੇਂ ਪੰਜਾਬ ਵਿਚ ਹੁੰਦੇ ਸਨ। ਪੰਜਾਬ ਵਿਚ ਅਮਲੀ ਲਤੀਫਿਆਂ ਦੇ ਸੋਮੇ ਸਨ, ਹਾਸਾ ਪ੍ਰਦਾਨ ਕਰਦੇ ਸਨ, ਉਹਨਾਂ ਪ੍ਰਤਿ ਤਿਰਸਕਾਰ ਦੀ ਭਾਵਨਾ ਨਹੀਂ ਹੁੰਦੀ ਸੀ, ਉਹ ਛੋਟਿਆਂ ਨੂੰ ਝਿੜਕ ਸਕਦੇ ਸਨ, ਤਾਇਆ ਨਾਥੀ ਰਾਮ ਵਾਂਗ ਨਿਕੀ ਮੋਟੀ ਗਾਲ੍ਹ ਵੀ ਕਢ ਸਕਦੇ ਸਨ। ਗੁਰਪ੍ਰੀਤ ਦੀ ਕਵਿਤਾ ਦਸਦੀ ਹੈ ਇਸ ਪੱਖੋਂ ਪੰਜਾਬ ਅਜੇ ਵੀ ਬਹੁਤਾ ਨਹੀਂ ਬਦਲਿਆ। ਅਜੇ ਵੀ ਉਸਰ ਰਹੇ ਮਕਾਨ ਲਈ ਗਾਰਾ ਬਣਾਉਂਦੇ  ਮਜ਼ਦੂਰ ਦੇ ਪੈਰ, “ਫੈਲੇ ਹੁੰਦੇ ਨੇ/ਚਾਰੋਂ ਤਰਫ/ਰੁੱਖ ਦੀਆਂ ਜੜ੍ਹਾਂ ਵਾਂਗਰ।

ਮੈਂ ਕਵਿਤਾਵਾਂ ਪੜ੍ਹਨੀਆਂ ਛਡ ਦਿੰਦਾ ਹਾਂ ਤੇ ਪੰਨੇ ਫੋਲ ਕੇ ਕੇਵਲ ਸਿਰਲੇਖ ਹੀ ਪੜ੍ਹਦਾ ਹਾਂ। ਸੋਚਿਆ ਕਵਿਤਾਵਾਂ ਕਿਸੇ ਹੋਰ ਸਵੇਰ ਪੜ੍ਹਾਂਗਾ, ਸਹਿਜੇ ਸਹਿਜੇ। ਪਰ “ਘਰ ਦੀ ਪਿਛਲੀ ਕੰਧ” ਫੇਰ ਮੇਰਾ ਧਿਆਨ ਖਿਚ ਲੈਂਦੀ ਹੈ। ਮੈਂ ਹੌਲੀ ਹੌਲੀ ਕਵਿਤਾ ਪੜ੍ਹਨੀ ਸ਼ੁਰੂ ਕਰਦਾ ਹਾਂ। ਸੁਭਾਵਕ ਹੀ ਆਪਣੇ ਰੋਡਿਆਂ ਵਾਲੇ ਘਰ ਦੀ ਪਿਛਲੀ ਕੰਧ ਮਨ ਵਿਚ ਉਜਾਗਰ ਹੋ ਜਾਂਦੀ ਹੈ, ਮਨ ਫੇਰ ਕਲਪਨਾ ਦੇ ਯੂਨਿਕਾਰਨ ਤੇ ਸਵਾਰ ਹੋ ਗਿਆ। ਸੋਚਿਆ ਮੇਰੇ ਪਿਛੋਕੜ ਨੇ ਕਿੰਨਾ ਕੁਝ ਮੇਰੇ ਅੰਦਰ ਸੁਰਿੱਖਅਤ ਰੱਖਿਆ ਹੋਇਆ ਹੈ ਜੋ ਅਮੁੱਲ ਖਜਾਨੇ ਵਾਂਗ ਹੈ; ਮੈਂ ਮਨ ਵਿਚ ਪਰਗਟ ਹੁੰਦੇ ਨਵੇਂ ਮਹਿਮਾਨਾਂ ਨੂੰ ਆਪਣੇ ਪਿਛੋਕੜ ਦੀਆਂ ਰਵਾਇਤਾਂ ਕਰਕੇ ਹੀ ਜੀਅ ਆਇਆਂ ਆਖਦਾ ਹਾਂ।
                     ਗੁਰਪ੍ਰੀਤ ਦੀਆਂ ਥੋੜ੍ਹੀਆਂ ਜਿਹੀਆਂ ਕਵਿਤਾਵਾਂ ਨੇ ਹੀ ਮੇਰੇ ਅੰਦਰ ਕਿੰਨਾ ਕੁਝ ਜਗਾ ਦਿਤਾ, ਕੀ ਕੁਝ ਕਰ ਦਿਤਾ। ਵਧੀਆ ਕਵਿਤਾ ਦਾ ਸਾਇਦ ਏਹੋ ਕਰਤਵ ਹੁੰਦਾ ਹੈ: ਸਵੈ ਪਛਾਣ ਨੂੰ ਨਵੀਂ ਲੋਅ ਲਾਉਣੀ, ਨਵੇਂ ਰੂਪਾਂ ਚ ਦਿਖਾਉਣਾ, ਸੁੱਤਿਆਂ ਨੂੰ ਜਗਾਉਣਾ, ਦੁਖ ਸੁਖ ਕਰਨਾ, ਵਸਤਾਂ ਤੋਂ ਸਾਧਰਨਤਾ ਦੀ ਜਿਲਬ ਲਾਹੁਣੀ, ਹਰ ਕਿਣਕੇ ਚੋਂ ਅਦਭੁਤ ਦੀ ਲਿਸ਼ਕੋਰ ਪਾਉਣੀ। ਗੁਰਪ੍ਰੀਤ ਦੀ ਕਵਿਤਾ ਨੇ ਅਜਿਹਾ ਕੁਝ ਹੀ ਕੀਤਾ ਹੈ ਮੇਰੇ ਨਾਲ। ਧੰਨਵਾਦ।

ਰੁੱਖ ਦੀਆਂ ਜੜ੍ਹਾਂ ਕੋਲ
ਗਹਿਰੀ ਚੁੱਪ
ਇਸੇ ਲਈ
ਫੁਲਾਂ ਕੋਲ ਨੇ ਅਨੇਕ ਰੰਗ
ਫਲਾਂ ਕੋਲ ਨੇ ਅਣਗਿਣਤ ਰਸ
   -- ਗੁਰਪ੍ਰੀਤ ਦੀ ਕਵਿਤਾ “ਚੁੱਪ ਦੀ ਕੁਟੀਆ” ਚੋਂ

--ਅਜਮੇਰ ਰੋਡੇ

Tuesday, January 17, 2012

ਵੱਖਰੀ ਕਵਿਤਾ o ਅੰਬਰੀਸ਼


ਚੰਗੀ ਕਵਿਤਾ ਪੜ੍ਹਦਿਆਂ ਤੁਹਾਡਾ ਖ਼ੁਦ ਲਿਖਣ ਨੂੰ ਜੀਅ ਕਰਦਾ ਹੈ । ਤੁਹਾਡੇ ਅੰਦਰ ਸ਼ਬਦਾਂ ਤੇ ਆਪਣੀ ਭਾਸ਼ਾ ਪ੍ਰਤੀ ਪਿਆਰ ਹੋਰ ਵੀ ਠਾਠਾਂ ਮਾਰਦਾ ਹੈ । ਤੁਸੀਂ ਵਸਤਾਂ ਅਤੇ ਵਿਹਾਰਾਂ ਨੂੰ ਗਾੜ੍ਹੇ ਰੰਗਾਂ ਚ ਦਿਸਦਿਆਂ ਹੁੰਦਿਆਂ ਮਹਿਸੂਸ ਕਰਦੇ ਹੋਂ । ਇੰਜ ਦੀ ਹੈ ਗੁਰਪ੍ਰੀਤ ਦੀ ਕਵਿਤਾ । ਇਹਦੇ ਚ ਤਾਜ਼ਗੀ ਦੀ ਖੁਸ਼ਬੋ ਹੈ । ਤਵਿਓਂ ਲੱਥਦੀ ਰੋਟੀ , ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਕਿਤੋਂ ਦੂਰੋਂ ਆਉਂਦੀ ਭਿੱਜੀ ਹਵਾ ਦੀ । ਇਹ ਉਹਦੇ ਖ਼ੁਦ ਜਿਹੀ ਹੀ ਸੱਚੀ , ਮਿਤਭਾਸ਼ੀ ਤੇ ਪਾਰਦਰਸ਼ੀ ਹੈ ।
                 ਕਣਕ ਦੇ ਦਾਣਿਆਂ ਜਿੱਡੇ ਹੰਝੂ ਤੇ ਹਰੇ ਰੰਗ ਦੀ ਛਾਂ ਵਰਗੇ ਬਿੰਬ ਉਹਦੀਆਂ ਕਵਿਤਾਵਾਂ ਨੂੰ ਗਾਉਣੇ ਲਾ ਦਿੰਦੇ ਨੇ ।
                    ਮੈਨੂੰ ਉਹਦੀ ਕਵਿਤਾ ਚੋਂ ਕਿਤੇ ਕਿਤੇ ਪਰਬੁੱਧਤਾ , ਬੋਧ ਪਾ ਚੁੱਕੇ ਮਨੁੱਖ ਦੇ ਝਲਕਾਰੇ ਪੈਂਦੇ ਨੇ । ਉਹ ਪੰਜਾਬੀ ਸੁਭਾਅ ਅਤੇ ਪ੍ਰਚੱਲਿਤ ਪੰਜਾਬੀ ਕਵਿਤਾ ਤੋਂ ਵੱਖਰੀ ਕਵਿਤਾ ਲਿਖਦਾ ਹੈ , ਤਾਹੀਓਂ ਸੌਆਂ ਚੋਂ ਇਕ ਹੈ । ਉਸਨੂੰ ਸਥੂਲ ਵਸਤੂਆਂ ਨੂੰ ਆਪਣੀ ਕਵਿਤਾ ਚ ਮੜ੍ਹ ਕੇ ਉਨ੍ਹਾਂ ਨੂੰ ਪਰਵਾਜ਼ ਦੇਣਾ ਆਉਂਦਾ ਹੈ । ਸੇਬ , ਟਮਾਟਰ , ਪੱਥਰ , ਮੀਲ-ਪੱਥਰ , ਹੱਸਪੁਰਾ... ਸਭ ਆਪਣੀਆਂ ਹੱਦਾਂ ਉਲੰਘ ਕੇ ਹੋਰ ਸੰਸਾਰਾਂ ਚ ਪੁੱਜ ਜਾਂਦੇ ਨੇ , ਉਨ੍ਹਾਂ ਦਾ ਰੂਪਾਂਤਰਨ ਹੋ ਜਾਂਦਾ ਹੈ ।
               ਖਗੋਲ ਸਾਸ਼ਤਰੀ ਕਹਿੰਦੇ ਨੇ ਕਿ ਬ੍ਰਹਿਮੰਡ ਚ , ਚੰਨ , ਸੂਰਜ ਤੇ ਅਸੰਖ ਤਾਰਿਆਂ ਦੇ ਨਾਲ ਭਰੇ ਦਿਸਦੇ ਹੋਣ ਦੇ ਬਾਵਜੂਦ , ਭਰੀਆਂ ਨਾਲੋਂ ਖਾਲੀ ਥਾਵਾਂ ਖੇਤਰਫਲ ਚ ਕਿਤੇ ਜ਼ਿਆਦਾ ਨੇ ; ਅੱਸੀ-ਵੀਹ ਦੇ ਅਨੁਪਾਤ ਚ । ਗੁਰਪ੍ਰੀਤ ਦੀ ਕਵਿਤਾ ਦੇ ਬ੍ਰਹਿਮੰਡ ਚ ਵੀ ਲਫਜਾਂ ਨਾਲੋਂ ਜ਼ਿਆਦਾ ਭੇਦ-ਭਰੀਆਂ ਤੇ ਮਾਵਿਨਾਖੇਜ਼ ਖ਼ਾਲੀ ਥਾਵਾਂ ਦੀ ਅਨੁਪਾਤ ਵੱਧ ਹੈ । ਇਸੇ ਕਾਰਨ ਜਾਂ ਇਸਦੇ ਫਲਸਰੂਪ ਉਹਦੀਆਂ ਕਵਿਤਾਵਾਂ ਚ ਹਾਇਕੂਨੁਮਾ ਸੰਖੇਪਤਾ ਹੈ ।
               ਜੱਗ-ਜਹਾਨ ਦੀਆਂ ਗੱਲਾਂ ਕਰਦੀਆਂ ਇਹ ਕਵਿਤਾਵਾਂ ਚੌਮਾਸੇ ਚ ਪੁਰੇ ਦੇ ਬੁੱਲਿਆਂ ਜਿਹੀਆਂ ਨੇ । ਮੈਂ , ਪਿਆਰ , ਜਿਸਮ , ਯੋਨੀ ਤੇ ਵਾਕਵਾਦੀ ਉਪਭਾਵੁਕਤਾ ਨਾਲ ਬੋਝਿਲ ਹੁਣ ਲਿਖੀ ਜਾ ਰਹੀ ਬਹੁਤੀ ਪੰਜਾਬੀ ਕਵਿਤਾ ਤੋਂ ਇਹ ਵੱਖ ਤੇ ਪਰੇ ਨੇ । ਨਾਲ ਹੀ , ਉਹਨੂੰ ਰੁੱਖਾਂ , ਗਲੇਸ਼ੀਅਰਾਂ , ਧਰਤੀ ਹੇਠਲੇ ਪਾਣੀ , ਡੱਡੂਆਂ , ਇਸ ਧਰਤੀ ਦਾ ਫਿਕਰ ਹੈ । ਇਸ ਤਰ੍ਹਾਂ ਉਹ ਪਰਿਆਵਰਨ-ਚੇਤਨ ਪੰਜਾਬੀ ਕਵਿਤਾ ਦੀ ਇਕ ਨਵੀਂ ਲਹਿਰ ਦਾ ਵੀ ਹਿੱਸਾ ਹੈ ।

Saturday, January 7, 2012

ਸਦਾ ਸਲਾਮਤ

ਮੇਰੇ ਅੰਦਰ
ਇਕ ਧਰਤੀ ਹੈ

ਜਿਸ ਨੂੰ
ਮੈਂ ਰੋਜ਼ ਲਭਦਾ ਹਾਂ

ਤੇ ਗੁੰਮ ਜਾਣ ਦਿੰਦਾ ਹਾਂ ।।
ਓਟ

ਸੌ ਸੂਲੀ ਚੜ੍ਹ
ਦਿਨ ਲੰਘਦਾ ਹੈ
ਰਾਤ ਮੁਕਦੀ ਹੈ
ਕੋਈ ਸਤਰ ਹਨੇਰੇ 'ਚ ਚਾਨਣ ਵਾਂਗ ਚਮਕਦੀ ਹੈ
ਮੈਨੂੰ ਖੂਹ 'ਚ ਡਿੱਗੇ ਨੂੰ
ਬਾਹਰ ਕੱਢ ਲੈਂਦੀ ਹੈ
ਮੈਨੂੰ ਪਲ ਪਲ ਘੜਦੀ
ਵੰਨ ਸਵੰਨੇ ਰੰਗ ਰੂਪਾਂ ਵਿਚ
ਖੂਹ

ਖੂਹ ਕਿੰਨਾ ਡੂੰਘਾ
ਪਾਣੀ ਕਿੰਨਾ ਮਿੱਠਾ

ਜਾਣਨ ਉਹੀ
ਜੋ ਹਰ ਦਿਨ ਖੂਹ ਪੁੱਟ ਕੇ
ਪੀਣ ਪਾਣੀ

ਜੇ ਨਾ ਹੁੰਦੇ
ਇਹ ਬੰਦੇ
ਤੇ ਮਿੱਠਾ ਪਾਣੀ
ਤਾਂ ਰਹਿ ਜਾਂਦੇ ਵਿਚਾਰੇ
ਖੂਹ ਸਾਰੇ
ਮਿੱਟੀ ਹੇਠਾਂ ਦੱਬੇ

ਪਾਣੀ ਪੀਂਦਾ ਬੰਦਾ
ਸੋਚ ਦਾ ਖੂਹ ਪੁੱਟੇ

ਹੋਰ ਸ਼ੈਆਂ ਕਿਹੜੀਆਂ
ਡੂੰਘੀਆਂ ਮਿੱਠੀਆਂ
ਜੋ ਰਹਿ ਗਈਆਂ
ਪੁੱਟਣ ਖੁਣੋਂ ।।

ਰਾਸ਼ਨ ਦੀ ਸੂਚੀ ਤੇ ਕਵਿਤਾ

 5 ਲੀਟਰ ਰੀਫਾਈਂਡ ਧਾਰਾ
5
ਕਿਲੋ ਖੰਡ
5
ਕਿਲੋ ਸਾਬਣ ਕੱਪੜੇ ਧੋਣ ਵਾਲੀ
ਇਕ ਕਿਲੋ ਮੂੰਗੀ ਮਸਰੀ
ਇਕ ਪੈਕਟ ਸੋਇਆਬੀਨ
ਲੂਣ, ਭੁੰਨੇ ਛੋਲੇ ,ਥੈਲੀ ਆਟਾ ,
ਲੌਂਗ ਲੈਂਚੀਆਂ 50 ਗ੍ਰਾਮ
ਕਵਿਤਾ ਦੀ ਕਿਤਾਬ '
ਕਿਥੋਂ ਆ ਗਈ
ਰਸੋਈ ਦੇ ਰਾਸ਼ਨ ਦੀ ਸੂਚੀ !
ਮੈਂ ਇਸ ਨੂੰ
ਕਵਿਤਾ ਵਿਚੋਂ ਕੱਢਣ ਲਗਦਾ ਹਾਂ
ਹੱਥ ਰੁਕ ਜਾਂਦਾ ਹੈ


ਜੇ ਇਹ ਰਹਿਣਾ ਚਾਹੁੰਦੀ ਹੈ
ਕਵਿਤਾ ਵਿਚ
ਮੈਂ ਕੌਣ ਹੁੰਨੈ
ਇਹਨੂੰ ਵੱਖ ਕਰਨ ਵਾਲਾ ।।

ਮਾਂ ਬੋਲੀ

ਮਾਂ ਬੋਲੀ
ਮੇਰੇ ਵਿਸ਼ਵਾਸ਼ ਦੀ ਧਰਤ
ਜਿਸ 'ਤੇ ਮੈਂ ਮੜ੍ਹਕ ਨਾਲ ਤੁਰਾਂ
ਉਥੇ ਜਾਵਾਂ
ਜਿਥੇ ਸੁਫਨੇ ਕਹਿਣ

ਮਾਂ ਬੋਲੀ
ਮੇਰਾ ਅਕਾਸ਼
ਮੈਨੂੰ ਉਡਣ ਦਿੰਦਾ
ਓੜਕ ਤਕ

ਮਾਂ ਬੋਲੀ ਆਲ੍ਹਣਾ ਜਗ ਦੀ ਟਹਿਣੀ
ਚੋਗ ਚੁਗਣ ਕਿਤੇ ਵੀ ਜਾਵਾਂ
ਆਥਣ ਵੇਲੇ ਅੰਦਰ ਇਹਦੇ
ਮੁੜ ਆਣ ਸੌਂਵਾਂ

ਮਾਂ ਬੋਲੀ
ਚੁਲ੍ਹੇ ਦੁਆਲੇ ਟੱਬਰ
ਧੁਖਦੀ ਬਲਦੀ ਅੱਗ
ਤਵੇ ਫੁਲਦੀ ਰੋਟੀ
ਲਹਿੰਦੀ ਭੁੱਖ

ਮਾਂ ਬੋਲੀ
ਸਾਹ ਆਉਂਦੇ ਜਾਂਦੇ
ਮੇਰੇ ਕੋਲ ਪੜ੍ਹਦੇ ਬੱਚਿਆਂ ਦੇ
ਝੱਗੇ ਭਾਵੇਂ ਪਾਟੇ
ਬੈਠਣ ਤੱਪੜ
ਰਾਜੇ ਉਹ ਆਪਣੇ ਆਪ ਦੇ
ਬੋਲੀ ਮਾਂ ਜੇ ਬਚੀ
ਤਾਂ ਬਚੂ ਇਹਨਾ ਕੋਲ
ਨਹੀਂ ਫੇਰ ਕਿਹਦੇ ਹੱਥ-ਵੱਸ

ਮਾਂ ਬੋਲੀ 'ਚ ਗੱਲ ਜਿਹੜੀ
ਮਾਂ ਨਾਲ ਕਰਾਂ
ਧੁਰ ਅੰਦਰ ਉਤਰਾਂ

ਕਵਿਤਾ ਸੁਣਦਿਆਂ
ਮਾਂ ਬੋਲੀ '
ਧੀ ਮੇਰੀ ਸ਼ਰਾਰਤਨ
ਵਾਹ ਵਾਹ ਕਹੇ
ਪੁੱਤ ਲੋਟਣੀਆਂ ਪੁਠੀਆਂ ਲਾਵੇ
ਕਰੇ ਕਲੋਲਾਂ

ਮਾਂ ਬੋਲੀ '
ਨਾਲ ਦੀ ਮੇਰੇ
ਕੋਈ ਗੱਲ ਕਹੇ
ਲਾਜਵੰਤੀ ਦੇ ਪੱਤਿਆਂ ਵਾਂਗ ਸੰਙੇ

ਮਾਂ ਬੋਲੀ ਚ ਮੈਂ ਹੁੰਦਾ ਹਾਂ
ਸਾਰੀ ਸ੍ਰਿਸ਼ਟ ਹੁੰਦੀ ਹੈ ।।

ਪਿਆਰ
ਮੈਂ ਕਿਤੇ ਵੀ ਜਾਵਾਂ
ਮੇਰੇ ਪੈਰਾਂ ਹੇਠ ਵਿਛੀ ਹੁੰਦੀ ਹੈ
ਧਰਤੀ

ਮੈਂ ਧਰਤੀ ਨੂੰ ਪਿਆਰ ਕਰਦਾ ਹਾਂ
ਜਾਂ ਧਰਤੀ ਕਰਦੀ ਮੈਨੂੰ
ਕੀ ਇਸੇ ਦਾ ਨਾਂ ਹੈ ਪਿਆਰ

ਮੈਂ ਕਿਤੇ ਵੀ ਜਾਵਾਂ
ਮੇਰੇ ਸਿਰ ਤਣਿਆ ਹੁੰਦਾ ਹੈ
ਅਕਾਸ਼

ਮੈਂ ਅਕਾਸ਼ ਨੂੰ ਪਿਆਰ ਕਰਦਾ ਹਾਂ
ਜਾਂ ਅਕਾਸ਼ ਕਰਦਾ ਹੈ ਮੈਨੂੰ
ਕੀ ਇਸੇ ਦਾ ਨਾਂ ਹੈ ਪਿਆਰ

ਪਿਆਰ ਧਰਤੀ ਕਰਦੀ ਹੈ ਅਕਾਸ਼ ਨੂੰ
ਅਕਾਸ਼ ਧਰਤੀ ਨੂੰ

ਮੈਂ ਇਹਨਾ ਦੋਹਾਂ ਵਿਚਕਾਰ
ਕੌਣ ਹਾਂ

ਕਿਤੇ ਇਹਨਾ ਦੋਹਾਂ ਦਾ
ਪਿਆਰ ਤਾਂ ਨਹੀਂ ।।
ਤਾਇਆ ਨਾਥੀ ਰਾਮ
।। ਦੋਸਤ ਪਰਾਗ ਰਾਜ ਲਈ ਜਿਹਦਾ ਤਾਇਆ ਮੇਰੀ ਕਵਿਤਾ ਚ ਆ ਕੇ ਮੇਰਾ ਵੀ ਤਾਇਆ ਬਣ ਗਿਆ ।।

ਮੈਨੂੰ ਭੱਜੇ ਜਾਂਦੇ ਨੂੰ ਰੋਕ ਲੈਂਦਾ ਹਾਕ ਮਾਰ
ਬਾਂਹ ਫੜ੍ਹ ਭੀੜ ਚੋਂ ਬਾਹਰ ਲੈ ਜਾਂਦਾ

ਤਾਇਆ ਮਾਂ ਦੀ ਗਾਲ੍ਹ ਕੱਢ ਪੁਛਦਾ
ਕਿੰਨਾ ਚਿਰ ਹੋ ਗਿਆ ਪਿੰਡ ਆਏ ਨੂੰ
ਕੱਢ ਪੰਜ ਸੌ ਦਾ ਨੋਟ

ਉਹ ਨੋਟ ਤੇ ਛਪੇ ਗਾਂਧੀ ਦੀ ਐਨਕ ਲਾਹ
ਝੱਗੇ ਦੀ ਕੰਨੀਂ ਨਾਲ ਸਾਫ਼ ਕਰਦਾ
ਬੱਕਰੀਆਂ ਚਾਰਦੇ ਭੰਤੇ ਨੂੰ ਚਾਹ ਧਰਨ ਲਈ ਆਖਦਾ
ਮੂੰਹ ਚ ਉਂਗਲ ਪਾ ਸੀਟੀ ਮਾਰਦਾ

ਉਹਦੇ ਦੁਆਲੇ ਹੋ ਜਾਂਦੇ
ਢਿੱਡੋਂ ਭੁੱਖੇ
ਪੈਰੋਂ ਤੇੜੋਂ ਨੰਗੇ ਬੱਚੇ

ਦੇਖਦਿਆਂ ਦੇਖਦਿਆਂ
ਨੋਟ ਪੰਜ ਸੌ ਦਾ
ਬਦਲ ਜਾਂਦਾ
ਚੱਪਲਾਂ ਨੀਕਰਾਂ ਖਿੱਲਾਂ ਪਤਾਸਿਆਂ

ਤਾਇਆ ਦੱਸਣ ਲਗਦਾ
ਨਿਆਣਿਆਂ ਤੇ ਬੇਜ਼ੁਬਾਨੇ ਜਾਨਵਰਾ ਤੋਂ ਭਲਾ
ਕੋਈ ਨ੍ਹੀਂ ਹੁੰਦਾ
ਲੈ ਦੇਖ ਭੰਤਾ ਆਖੂ ਹੇਮਾ ਮਾਲਨੀ
ਭੱਜੀ ਆਊ ਇਹਦੇ ਵੱਲ
ਲੂੰਗ ਖਾਂਦੀ ਉਹ ਡੱਬੀ ਬੱਕਰੀ
ਇਹ ਆਖੂ ਸ੍ਰੀਦੇਵੀ
ਭੱਜੀ ਆਊ
ਰੁੱਖ ਦੇ ਛਾਵੇਂ ਬੈਠੀ ਅੱਖਾਂ ਮੁੰਦੀ
ਜੇ ਇਹ ਆਖੇ ਧਰਮਿੰਦਰ
ਸੂੰ ਸੂੰ ਕਰਦਾ ਓਹ ਬੋਕ ਕਾਲਾ
ਇਹਦੇ ਪੈਰਾ ਚ ਬਹਿ ਜੂ

ਤਾਇਆ ਦਿਖਾਉਣ ਲਗਦਾ ਸ਼ਹਿਰੀ ਭਤੀਜੇ ਨੂੰ
ਆਜੜੀ ਦੀ ਪਿੱਤਲ ਪਤੀਲੀ
ਸੋਨੇ ਤੋਂ ਵੱਧ ਚਮਕਦੀ
ਤੇ ਸੁਣਾਉਣ ਲਗਦਾ
ਕਿਸੇ ਵੇਦ ਦਾ ਕੋਈ ਸ਼ਲੋਕ
ਕਿਸੇ ਪੋਥੀ ਦੀ ਕਥਾ
ਤਾਇਆ ਚੁੱਪ ਹੋ ਜਾਵੇ ਅਚਾਨਕ
ਬਿਟ ਬਿਟ ਝਾਕੇ
ਪਹਿਲਾਂ ਪਹਿਲ
ਮੁੜ ਸ਼ਾਂਤ ਹੋ ਜਾਵੇ
ਪਾਣੀ ਦਾ ਵਹਿਣ ਜਿਧਰ ਲੈ ਜਾਵੇ
ਉਧਰ ਜਾਵੇ

ਇਹਨੀਂ ਦਿਨੀਂ
ਲਹੌਰ ਦਾ ਪੜ੍ਹਿਆ ਤਾਇਆ
ਦੁਪਹਿਰ ਆਪਣੀ ਜੰਡ ਹੇਠਾਂ ਗੁਜ਼ਾਰੇ
ਧਰਤੀ ਦੇ ਕਾਗਦੁ
ਰੇਤ ਤੇ
ਪਤਾ ਨਹੀਂ ਕਿਸਨੂੰ
ਕਿਹੜੀ ਚਿੱਠੀ ਲਿਖੇ
ਲਿਖੇ ਹੋਏ ਨੂੰ ਮਿਟਾਵੇ

ਪਹਿਰ ਤੀਜੇ ਫੇਰ
ਟੋਭੇ ਆਈਆਂ ਮੱਝਾਂ ਮਲ ਮਲ ਨਹਾਵੇ
ਬੁੱਲਾ ਗਾਵੇ

ਜੁੱਤੀਆਂ ਸਿਉਂਦੇ
ਚੰਦੂ ਚਮਾਰ ਨੂੰ ਦੇਖੀ ਜਾਵੇ
ਜਾਂ ਫਿਰ ਤੋਗੇ ਤਖਾਣ ਦੇ ਘਰ
ਗੜਬੀ ਚ ਆਈ ਚਾਹ ਦੀ
ਬਾਟੀ ਭਰ ਪੀ ਜਾਵੇ

ਤਾਇਆ ਇਹਨੀਂ ਦਿਨੀਂ
ਕੋਈ ਫਕੀਰ ਲਗਦਾ
ਪੈਰੀਂ ਘੂੰਗਰੂੰ ਬੰਨ੍ਹਦਾ
ਨੱਚਣ ਲਗਦਾ

ਬੁੜ੍ਹੀਆਂ ਉਹਦੇ ਪੈਰੀਂ ਹੱਥ ਲਾਉਣ ਨੂੰ ਕਰਦੀਆਂ
ਉਹਦੀਆਂ ਅੱਖਾਂ ਦਗਦੀਆਂ
ਉਹ ਬੋਲਦਾ
ਕਿਉਂ ਬੁਲਾਉਂਦੇ ਹੋਂ ਮੈਨੂੰ
ਸ਼ਬਦ ਸੁੱਚੇ ਨੀਂ ਹੁੰਦੇ
ਇਹਨਾਂ ਨਾਲ ਆਖੀ ਹਰ ਗੱਲ ਝੂਠੀ ਪੈ ਜਾਂਦੀ

ਮੈਂ ਉਹਦੇ ਗਿੱਟੇ ਬੰਨ੍ਹੀਂ ਪੱਟੀ ਦੇਖਦਾ
ਡਾਕਟਰ ਦੇ ਸ਼ਬਦ ਅੱਖਾਂ ਮੂਹਰੇ ਘੁੰਮਦੇ :
ਸ਼ੂਗਰ ਦਾ ਮਰੀਜ਼ ਇਹ
ਮਿੱਠਾ ਖਾਣੋਂ ਹਟਦਾ ਨਹੀਂ
ਠੀਕ ਨਹੀਂ ਹੁੰਦਾ ਜ਼ਖਮ ਇਹਦਾ
ਫਾਇਦਾ ਨਹੀਂ ਪੱਟੀ ਦਾ

ਪਿਤਾ ਦੇ ਰਸੂਖ ਨੇ
ਢਕ ਦਿੱਤਾ ਤਾਏ ਦਾ ਜ਼ਖਮ

ਪੁੱਛਿਆ ਮੈਂ
ਕੀ ਹਾਲ ਐ ਜ਼ਖਮ ਦਾ ?

ਤਾਇਆ ਤਾਅ ਨਾਲ ਬੋਲਿਆ
ਠੀਕ ਐ ਸ਼ੇਰਾ
ਜਮਾਂ ਟੱਲੀ ਅਰਗਾ
ਪਾਣੀ ਪਾ ਪਾ ਠੀਕ ਕਰ ਲਿਆ
ਆਹ ਪੱਟੀ ਦਾ ਤਾਂ ਸੁਭਾਅ ਬਣ ਗਿਆ
ਹੁਣ ਤੁਰਿਆ ਨਹੀਂ ਜਾਂਦਾ ਇਹਦੇ ਬਿਨਾਂ

ਮੈਂ ਪਿਛਾਂਹ ਮੁੜ ਜਾਂਦਾ ਕਈ ਵਰ੍ਹੇ ਪਹਿਲਾਂ
ਜਦੋਂ ਗੁਜ਼ਰ ਗਈ ਸੀ ਦਾਦੀ
ਕੋਈ ਸਮਸ਼ਾਨ ਚ ਲੱਕੜਾਂ ਲਈ ਰੁਝਿਆ
ਕੋਈ ਦਾਦੀ ਦੀਆਂ ਕਹਾਣੀਆਂ ਸੁਣਾਉਂਦਾ
ਕੋਈ ਉਹਨੂੰ ਨਹਾਉਣ ਲਈ ਬਾਲਟੀ ਭਰੀ ਆਉਂਦਾ
ਤਾਇਆ ਚੱਕ ਕੇ ਸਾਫਾ ਤੁਰ ਪਿਆ
ਨਾਲ ਦੇ ਪਿੰਡ ਭੋਗ ਤੇ
ਆਖ ਕੇ ਦੋ ਸ਼ਬਦ :
ਜਿਹੜਾ ਆਇਆ ਹੈ ਉਹਨੇ ਜਾਣਾ ਵੀ ਹੈ

ਤਾਇਆ ਅੱਜ-ਕੱਲ੍ਹ ਖੇਤਾਂ ਚ ਰਹਿੰਦਾ ਹੈ
ਜੇ ਕੋਈ ਰੋਟੀ ਪਾਣੀ ਦੇ ਆਇਆ ਤਾਂ ਦੇ ਆਇਆ
ਨਹੀਂ ਪਤਾ ਨ੍ਹੀਂ ਉਹ ਕੀ ਖਾਂਦਾ ਜਾਂ ਨਾ ਖਾਂਦਾ
ਦੁਪਹਿਰ ਵੇਲੇ ਸਿਰ ਦੀ ਛਾਂ ਲਈ
ਕੱਖ ਕਾਨਿਆਂ ਦੀ ਦੋ ਗਿੱਠ ਉਚੀ ਝੁੱਗੀ ਪਾਉਂਦਾ
ਆਥਣ ਹੋਣ ਤੇ ਅੱਗ ਲਾ ਦਿੰਦਾ
ਬਾਹਾਂ ਉਲਾਰ ਉਤਾਂਹ ਨੂੰ
ਨੱਚਦਾ ਨੱਚਦਾ
ਪਤਾ ਨੀਂ ਕਿਹੜੇ ਵੇਲੇ ਕਿਥੇ ਸੌਂ ਜਾਂਦਾ ।।

ਮੇਰੇ ਕੋਲ ਪੜ੍ਹਨ ਆਉਂਦੇ ਬੱਚੇ ਭਾਵ ਸ਼ੁਕਰ ਹੈ

ਮੇਰੇ ਕੋਲ ਪੜ੍ਹਨ ਆਉਂਦੇ
ਬੱਚਿਆਂ ਦੇ ਕੁੜਤੇ
ਅਕਸਰ ਪਾਟੇ ਹੁੰਦੇ
ਕਾਜਾਂ ਕਾਲਰਾਂ ਜੇਬਾਂ ਕੋਲੋਂ

ਇਕ-ਅਧ ਬਟਨ
ਜੇ ਲੱਗਿਆ ਹੋਵੇ
ਲਾਲ ਪੀਲੇ ਕਾਲੇ ਧਾਗੇ ਨਾਲ
ਉਹ ਵੀ ਖੁਲ੍ਹਿਆ ਹੁੰਦਾ ਹੈ

ਇਹਨਾ ਦੇ ਪੈਰਾਂ ਕੋਲ
ਕਿਸੇ ਕਲੱਬ ਵੱਲੋਂ ਮਿਲੇ
ਬੂਟਾਂ ਦਾ ਮਿਹਣਾ ਹੈ
ਐਸ ਸੀ , ਬੀ ਸੀ ਨੂੰ ਮਿਲਦੇ
ਵਜੀਫੇ ਦੀ ਉਡੀਕ

ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਕਿਉਂ ਰਹਿ ਜਾਂਦੇ ਉਹੋ ਜਿਹੇ
ਜਿਹੋ ਜਿਹੇ ਉਹ ਆਉਂਦੇ ਘਰੋਂ
ਬਲਕਿ ਘਰੋਂ ਆਏ ਮਾਸੂਮ
ਪੜ੍ਹ ਪੜ੍ਹ ਹੋਰ ਵੀ ਢੀਠ ਹੋ ਜਾਂਦੇ
ਪਹਿਲਾਂ ਨਾਲੋਂ ਵੱਧ ਵਿਗੜ ਜਾਂਦੇ

ਨਹੀਂ ਭਾਉਂਦੇ ਰਤਾ ਵੀ
ਮੁਖ ਅਧਿਆਪਕ ਨੂੰ
ਚੰਗੇ ਨਹੀਂ ਲਗਦੇ
ਸਭ ਭੈਣ ਜੀਆਂ ਨੂੰ
ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਬਹੁਤ ਸਹਿਜ ਲੈਂਦੇ ਨੇ
ਗਧੇ ਸੂਰ ਉਲੂ ਜਿਹੇ ਵਿਸ਼ੇਸ਼ਣ
ਮਿਡ ਡੇ ਮੀਲ ਨਾਲ ਪਾਣੀ ਵਾਂਙ ਪੀ ਜਾਂਦੇ ਨੇ

ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਜਾਣਨ ਕਿੰਨਾ ਕੁਝ ਮੇਰੇ ਨਾਲੋਂ ਵੱਧ
ਫਿਰ ਵੀ ਸੁਣਦੇ ਰਹਿਣ
ਚੁੱਪ-ਚਾਪ ਮੈਨੂੰ

ਜਿਵੇਂ ਕਿਤੇ ਬੈਠਾ ਹੋਵਾਂ
ਮੈਂ ਵੀ
ਵਿਚਕਾਰ ਇਹਨਾ ਦੇ
ਪੜਾਉਂਦਿਆਂ  ਅਕਸਰ ਲਗਦਾ ਮੈਨੂੰ


ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਕਿੰਨੇ ਭੋਲੇ ਸਿੱਧੇ ਸਾਦੇ
ਆਪਣੇ ਵਰਗੇ ਆਪ

ਨਹੀਂ ਇਹਨਾ ਕੋਲ
ਕੋਈ ਸਲੀਕਾ ਸਲੂਟ
ਮਾਫ਼ ਕਰਨਾ      ਧੰਨਵਾਦ

ਉਹ ਮੂੰਹ ਫੱਟ ਨੇ
ਜਿਵੇਂ ਜੀਅ ਆਵੇ
ਬੋਲਦੇ ਨੇ     ਗਾਲਾਂ ਕਢਦੇ
ਤੁਰਦੇ ਨੇ     ਪੱਥਰਾਂ ਨੂੰ ਠੁਡੇ ਮਾਰਦੇ
ਖੇਡਦੇ ਨੇ     ਨਸੀਬਾਂ ਦੀ ਗੇਂਦ ਦਾ ਕੈਚ ਛਡਦੇ
ਲੜਦੇ ਨੇ     ਗਲਮੇ ਚ ਹੱਥ ਪਾ ਲੈਂਦੇ

ਪਿਆਰ ਕਰਨ ਦਾ ਇਹੋ ਢੰਗ

ਮੇਰੇ ਕੋਲ ਪੜ੍ਹਨ ਆਉਂਦੇ ਬੱਚਿਆਂ ਦਾ
ਰਹਿ ਰਹਿ ਕੇ ਮੋਹ ਕਿਉਂ ਆ ਰਿਹਾ ਹੈ ਮੈਨੂੰ ਅੱਜ


ਚਾਹਾਂ
ਦੋਸਤਾਂ ਵਾਂਙ ਤੁਰਾਂ
ਮੋਢਿਆਂ ਦੁਆਲੇ ਹੱਥ ਪਾ
ਆਪਣੇ ਵਿਦਿਆਰਥੀਆਂ ਨਾਲ

ਪਰ ਮੈਂ ਖਿਝ ਜਾਂਦਾ ਅਕਸਰ ਇਹਨਾ ਤੇ

ਮੇਰੀ ਇਹ ਖਿਝ ਕਿਸ ਵਾਸਤੇ ਹੈ ?

ਉਹ ਜੇ ਲੱਤ ਮੁਕੀ ਹੁੰਦੇ
ਇਕ ਦੂਜੇ ਦੀ ਮਾਂ ਭੈਣ ਇਕ ਕਰਦੇ
ਬੈਂਚਾਂ ਉਪਰ ਨੱਚਦੇ
ਉਚੜੀਆਂ ਕੂਹਣੀਆਂ
ਗਿੱਟੇ ਗੋਡਿਆਂ ਦੇ ਜ਼ਖਮਾਂ ਨੂੰ
ਪੱਟੀ ਨਾ ਬੰਨ੍ਹਦੇ

ਇਹਦੇ ਚ ਇਹਨਾ ਦਾ ਕੀ ਕਸੂਰ ?
ਮੈਂ ਕਿਸ ਤੋਂ ਡਰਦਾ ਹਾਂ ?

ਭਾਸ਼ਣ ਦਿੰਦਾ ਹਾਂ

ਚੁੱਪ ਹੋ ਜਾਂਦੇ
ਜਿਵੇਂ ਕਦੇ ਬੋਲੇ ਹੀ ਨਾ ਹੋਣ
ਸੁਣਦੇ ਮੈਨੂੰ

ਮੈਂ ਦਸਦਾ
ਆਪਣੇ ਜਮਾਤੀ ਬਲਵੰਤ ਭਾਟੀਏ ਬਾਰੇ
ਪਿਉ ਜੁਤੀਆਂ ਸਿਉਂਦਾ ਇਹਦਾ
ਛੁੱਟੀ ਵਾਲੇ ਦਿਨ ਦਿਹਾੜੀ ਕਰਦਾ
ਬਲਵੰਤ ਫੀਸ ਭਰਦਾ
ਅੱਜ ਬੈਂਕ ਮੈਨੇਜਰ

ਤੁਸੀਂ ਵੀ ਪੜ੍ਹੋ

ਮੈਂ ਦਸਦਾ
ਆਪਣੇ ਦੋਸਤ ਰਾਣੇ ਬਾਰੇ
ਅਰਥ-ਸ਼ਾਸ਼ਤਰ ਦਾ ਪ੍ਰੋਫੈਸਰ ਵੀ
ਇਹਦੇ ਪੁੱਛੇ ਪ੍ਰਸ਼ਨਾਂ ਤੋਂ ਤ੍ਰਹਿੰਦਾ
ਛੁੱਟੀ ਇਹਦੀ ਲੰਘਦੀ
ਬੱਠਲ ਚੱਕਦਿਆਂ  ਇੱਟਾਂ ਢੋਂਹਦਿਆਂ
ਅੱਜ ਕੱਲ ਹਾਈਕੋਰਟ
ਇਹਤੋਂ ਪੁੱਛ ਪੁੱਛ ਕੰਮ ਕਰਦੀ
ਚੰਡੀਗੜ੍ਹ ਚ ਨਿਵੇਲੀ ਕੋਠੀ

ਤੁਸੀਂ ਵੀ ਪੜ੍ਹੋ

ਮੈਂ ਆਪਣਾ ਜ਼ਿਕਰ ਛੋਂਹਦਾ
ਚੁੱਪ ਕਰ ਜਾਂਦਾ
ਆਖਦਾ ਮੁੜ ਮੁੜ

ਤੁਸੀਂ ਵੀ ਪੜ੍ਹੋ

ਮੇਰੇ ਕੋਲ
ਪੜ੍ਹਨ ਆਉਂਦੇ
ਬੱਚਿਆਂ ਦੇ ਸੁਪਨੇ

ਕਿੰਨੇ ਸਾਫ ਦਿਸਦੇ
ਮੱਥਿਆਂ ਚ ਵਜਦੇ
ਸਿਰ ਪਾੜ ਦਿੰਦੇ

ਅਸਲ

ਅਜੇ ਤਕ ਨਹੀਂ ਬਣੀ
ਕੋਈ ਖੁਰਦਬੀਨ
ਜੋ ਦੇਖ ਸਕੇ
ਮੇਰੇ ਕੋਲ ਪੜ੍ਹਨ ਆਉਂਦੇ
ਬੱਚਿਆਂ ਦੇ ਸੁਪਨੇ


ਮੇਰੇ ਕੋਲ ਪੜ੍ਹਨ ਆਉਂਦੇ ਬੱਚੇ
ਸ਼ਰਾਰਤੀ ਨੇ
ਸਿਰੇ ਦੇ ਸ਼ਰਾਰਤੀ

ਆਖਦੇ ਅਧਿਆਪਕ
ਸਿਰ ਫੜ੍ਹ ਲੈਂਦੇ

ਮਨ ਹੀ ਮਨ ਸੋਚਦਾ ਕਵੀ-ਮਨ
ਸ਼ੁਕਰ ਹੈ
ਇਹਨਾ ਕੋਲ ਕੁਝ ਤਾਂ ਹੈ ।।
ਰਬਾਬੀ ਭਾਈ ਲਾਲ ਜੀ
ਰਬਾਬੀ ਭਾਈ ਲਾਲ ਜੀ
ਸਲਾਮ ਤੇਰੀ ਆਸ਼ਕੀ ਨੂੰ
ਰਬਾਬ ਨੂੰ
ਆਵਾਜ਼ ਨੂੰ

ਤੂੰ ਗਾ ਕਿਤੇ ਵੀ
ਹਰ ਥਾਂ ਉਸੇ ਦਾ ਆਸਣ
ਜਿਸ ਨਾਲ
ਤੇਰੇ ਪੁਰਖਿਆਂ ਸਿਦਕ ਨਿਭਾਇਆ

ਭਾਈ ਲਾਲ ਜੀ
ਤੂੰ ਛੇੜ ਰਬਾਬ
ਜੋ ਜਾਣੇ ਤੇਰੇ ਪੋਟਿਆਂ ਦੀ ਛੋਹ
ਛੋਹ ਅੰਦਰ ਅਕਾਰ ਲੈਣ ਰਾਗ
ਰਾਗਾਂ ਅੰਦਰ ਉਸੇ ਦੀ ਬਾਣੀ
ਉਸੇ ਦੀ ਆਗਿਆ ਅੰਦਰ

ਭਾਈ ਲਾਲ ਜੀ ਧਿਆਨ ਧਰ
ਬੰਦੇ ਤੋਂ ਬਿਨਾਂ
ਨਾ ਜਾਣੇ ਕੋਈ ਹੋਰ ਸ਼ੈਅ
ਕੌਣ ਹਿੰਦੂ    ਕੌਣ ਸਿੱਖ   ਕੌਣ ਮੁਸਲਮਾਨ

ਰਬਾਬੀ ਭਾਈ ਲਾਲ ਜੀ
ਤੇਰੀ ਆਸ਼ਕੀ ਨੂੰ ਸਲਾਮ ।।
ਲਿਖਣਸਰ
।। ਦਮਦਮਾ ਸਾਹਬ ਵਿਖੇ ਗੁਰੂਦੁਆਰਾ ਲਿਖਣਸਰ ਦੇ ਮਨ ਹੀ ਮਨ ਦਰਸ਼ਨ ਕਰਦਿਆਂ ।।

ਪੈਂਤੀ ਲਿਖਣ ਦਾ ਸਫਰ ਅਨੰਤ ਹੈ

ਲਿਖਣ ਲਗਦਾਂ
   

ਇਸ ਲਿਖਣ
ਇਕੋ ਧੁਨੀ ਦੀਆਂ
ਅਸੰਖ ਗੂੰਜਾਂ

ਆਦਿ-ਕਾਲ ਤੋਂ ਵੀ ਪਹਿਲਾਂ ਦਾ ਸੰਬੰਧ
ਜੁੜਿਆ ਹੋਵੇਗਾ
ਇਸ ਥਾ ਦਾ ਸਫਰ ਨਾਲ

ਇਹ ਉਹੀ ਥਾਂ
ਜਿੱਥੇ ਸੁਰਤ ਜਗੇ
ਅਗਨ ਮਘੇ

ਬੰਦਾ ਅਪਣੇ ਆਪ ਨੂੰ ਪਛਾਣੇ
ਹੈਰਾਨ ਹੋ ਹੋ ਜਾਣੇ

ਬਾਬੇ ਨੇ ਬਹਿ ਇਥੇ
ਸ਼ਬਦ ਲਿਖਿਆ

ਲਿਖੇ ਸ਼ਬਦ ਅੱਗੇ
ਸਿਰ ਝੁਕੇ
ਸਿਰ ਉਚਾ ਉੱਠੇ

ਪੈਂਤੀ ਲਿਖਣ ਦਾ ਸਫਰ ਅਨੰਤ ਹੈ ।।
ਸਿਆਹੀ ਘੁਲੀ ਹੈ
ਚਿਰਾਂ ਤੋਂ
ਸ਼ੋਅ ਕੇਸ ਪਈ
ਕਲਮ ਚੁੱਕਦਾਂ ਕਾਨੇ ਘੜੀ

ਸਿਆਹੀ ਡੋਬਦਾ
ਕਾਗਦੁ ਤੇ ਅੱਖਰ ਪਾਉਂਦਾ
ਖਿਆਲ ਆਉਂਦਾ

ਧਰਤੀ ਨਾ ਹੁੰਦੀ
ਕਾਨਾ ਕਿੱਥੇ ਉਗਦਾ

ਚਾਕੂ ਨਾ ਹੁੰਦਾ
ਕਲਮ ਕਿਵੇਂ ਘੜਦਾ

ਘੜੀ ਕਲਮ ਸਿਆਹੀ ਨਾ ਡੁਬਦੀ
ਕਾਗਦੁ ਕਿਧਰੇ ਉਡਪੁੱਡ ਜਾਂਦਾ

ਅੱਖਰਾਂ ਨੂੰ ਕਾਗਜ਼ ਤੇ
ਥਾਂ ਮਿਲਣ ਕਰਕੇ
ਮੈਨੂੰ ਧਰਤੀ ਤੇ ਥਾਂ ਮਿਲੀ ਹੈ

ਕਾਨਾ ਉੱਗਿਆ ਹੈ
ਸਿਆਹੀ ਘੁਲੀ ਹੈ ।।
ਦ੍ਰਿਸ਼ ਮੈਨੂੰ ਦੇਖਣ
।। ਪ੍ਰੋ. ਅਜਮੇਰ ਔਲਖ ਦੇ ਨਾਟਕ ਦੇਖਦਿਆਂ ।।

ਮੈਂ ਦੇਖਦਾਂ

ਪਿੰਡ ਦੀ ਥਾਈ ਦੀ ਹਨੇਰੀ ਕੁੱਖ
ਰੋਸ਼ਨੀ ਦੇ ਰੰਗ
ਸਿਰਜਤ ਹੁੰਦੇ
ਫੈਲ੍ਹਦੇ ਮਿਟਦੇ ਫੈਲ੍ਹਦੇ ਦ੍ਰਿਸ਼

ਦਿਸਦਾ ਹੈ ਬੋਹਲ
ਕਣਕ ਦੇ ਦਾਣਿਆਂ ਜਿੱਡੇ ਜਿੱਡੇ ਹੰਝੂ
ਟੋਕਰੇ ਬਾਲਟੀਆਂ ਡਰਦੀਆਂ
ਇਧਰ ਉਧਰ    ਅੰਦਰ ਬਾਹਰ
ਭਰੀਆਂ ਭਰੀਆਂ ਵੀ
ਖਾਲ੍ਹੀ ਖਾਲ੍ਹੀ

ਦਿਸਦੀ ਹੈ ਫਿਰ ਡੈਣ ਵਹੀ
ਜ਼ਮੀਨ ਕੰਬਦੀ
ਅੰਗੂਠੇ ਹੇਠ ਸਿਮਟਦੀ

ਪਤਾ ਨ੍ਹੀਂ
ਕਿਸ ਦੀ ਨਿਰਦੇਸ਼ਨਾ ਹੇਠ
ਕੌੜਾ ਘੁੱਟ ਭਰਦੀ
ਬਹਿ ਜਾਂਦੀ ਮੰਜੇ ਦੀ ਬਾਹੀਂ
ਤੀਵੀਂ

ਇਹਨਾ ਦ੍ਰਿਸ਼ਾਂ ਵਿਚਕਾਰ
ਕਦੇ ਜ਼ਮੀਨ ਤੀਵੀਂ ਜਿਹੀ ਹੁੰਦੀ
ਕਦੇ ਔਰਤ ਜ਼ਮੀਨ ਵਰਗੀ

ਦ੍ਰਿਸ਼ ਬਦਲਦਾ ਜਾਂ ਨਹੀਂ ਬਦਲਦਾ

ਗਾਲਾਂ ਦਾ ਕਿਰਦਾਰ
ਪਰਤ ਦਰ ਪਰਤ ਖੁਲ੍ਹਦਾ

ਲੈਂਜ਼ ਇਹ
ਅੰਗੂਠੇ ਦੀਆਂ ਲਕੀਰਾਂ ਪੜ੍ਹਨ ਲਈ
ਕਦੇ ਤੀਵੀਂ ਦੀ ਕੌੜੀ ਘੁੱਟ ਦੀ ਕੁੜੱਤਣ ਘਟਾਉਂਦੀਆਂ
ਗਾਲਾਂ ਇਹ
ਜ਼ਖਮਾਂ ਦੇ ਹਰੇ ਹੋਣ ਦੀ ਨਿਸ਼ਾਨੀ

ਦਿਸਦਾ ਬੋਹੜ
ਛਾਂ ਸੰਘਣੀ
ਬੋਹੜ ਦੁਆਲੇ ਘੁੰਮਦੀ
ਸਵੇਰ ਤੋਂ ਸ਼ਾਮ ਤੀਕ
ਰਿਸ਼ੀ ਕੋਈ ਜਿਉਂ
ਅਪਣੀ ਹੀ ਧੁਰੀ ਦੁਆਲੇ
ਧੁਰ ਅੰਦਰ ਕਿਤੇ
ਪਰਕਰਮਾ ਕਰਦਾ
ਗਾਹ ਆਉਂਦਾ
ਉਹ ਥਾਵਾਂ
ਜੋ ਕਦੇ ਸੋਚੀਆਂ ਵੀ ਨਾ ਹੁੰਦੀਆਂ

ਦ੍ਰਿਸ਼ ਮੈਨੂੰ ਦੇਖ ਰਹੇ ਨੇ ।।
ਖੁਸ਼ੀ
ਹੁਣੇ ਮੈਂ ਆਪਣੀ
ਦਾੜ੍ਹੀ ਡਾਈ ਕਰਕੇ ਹਟਿਆ ਹਾਂ
ਦਿਲ ਹੋਰ ਮਜ਼ਬੂਤ ਹੋ ਗਿਆ
ਪੈਰ ਤੁਰਨ ਨੂੰ ਕਾਹਲੇ
ਪਤਨੀ ਦੇਖ ਮੇਰੇ ਵੱਲ ਮੁਸਕਾਵੇ

ਦੂਰ ਦੇਸੋਂ ਕੋਈ ਖ਼ਤ ਲਿਖੇ

ਖੁਸ਼ ਹੈ ਬੱਚੀ ਮੇਰੀ
ਮੇਰੀ ਨਕਲ ਉਤਾਰੇ

ਬੇਟੂ ਬੂਟ ਪਾਲਿਸ਼ ਕਰ
ਮੈਨੂੰ ਪਾਉਣ ਲਈ ਦੇਵੇ

ਦਾੜ੍ਹੀ ਡਾਈ ਕਰਨ ਤੋਂ ਬਾਅਦ
 ਪੂਰੇ ਆਕਾਸ਼ ਦਾ ਚੱਕਰ ਲਾ ਮੁੜਿਆ
 ਮੈਂ ਪੰਛੀ ਕਿਹੜਾ ।।

ਮਾੜਾ
ਉਹਦਾ ਨਾਂ ਮਾੜਾ ਰੱਖਿਆ
ਨਹੀਂ ਸੀ ਬਚਿਆ ਕੋਈ
ਚੰਗੇ ਨਾਂਅ ਵਾਲਾ ਨਿਆਣਾ

ਲੋਕ ਮਾੜੇ ਨੂੰ ਮਾੜਾ ਆਖਦੇ
ਤੇ ਸੋਚਦੇ
ਇਹਦੇ ਅਰਥ ਹਮੇਸ਼ਾਂ
ਚੰਗੇ ਕਿਉਂ ਉਘੜਦੇ

ਉਹ ਕਦੇ ਮੰਦਰ ਮਸਜਿਦ ਨਾ ਜਾਂਦਾ
ਹੱਸਦਾ ਤੇ ਆਖਦਾ
ਬੰਦਾ ਅੰਦਰਂ ਬਾਹਰੋਂ ਬੰਦਾ ਹੋਵੇ
ਅਪਣੇ ਆਪ ਨੂੰ ਰੋਜ਼ ਧੋਵੇ
ਬਾਕੀ ਸਭ ਫਜੂਲ ਗੱਲਾਂ
ਉਹ ਹਸਦਾ
ਹੱਸੀ ਜਾਂਦਾ

ਹਾਸੇ ਹਾਸੇ ਚ ਰੱਬ ਨਾਲ
ਆਢ੍ਹਾ ਲਾ ਬਹਿੰਦਾ

ਜੇ ਮੈਂ ਅਪਣੇ ਨਾਂਅ ਕਰਕੇ ਹੀ
ਬਚਿਆ ਹਾਂ
ਮਾਰਨ ਤੋਂ ਪਹਿਲਾਂ
ਮੌਤ ਦੇ ਫਰਿਸ਼ਤੇ ਨੂੰ ਵੀ
ਆਖਣਾ ਪਊ ਚੰਗਾ

ਨਹੀਂ ਮੈਂ ਨਹੀਂ ਮਰਨਾ ।।
ਕਰਾਮਾਤ
ਤੂੰ  ਮੈਂ ਇਹ ਉਹ
ਸਭ ਸ਼ਬਦ ਦੀ ਕਰਾਮਾਤ

ਸ਼ਬਦ ਨੂੰ
ਪੰਛੀ ਨਾ ਜਾਨਣ
ਇਹ ਉਨ੍ਹਾਂ ਦੀ ਕਰਾਮਾਤ ।।
ਉਹ ਕੌਣ

ਘੋੜੇ ਤੇ ਚੜਿਆ ਜਾਂਦਾ
ਕੌਣ
ਤੂੰ ਮਿਲੀ
ਤਾਂ ਸਮਝ ਆਇਆ
ਮੈਂ ਇਥੇ ਵੀ ਹਾਂ
ਬਿਰਖਾਂ ਦੀਆਂ ਜੜ੍ਹਾਂ ਦਾ ਫੈਲਾਅ
ਕੀੜੇ-ਮਕੌੜਿਆਂ ਦਾ ਭੋਜਨ
ਥੋੜ੍ਹਾ ਚਿਰ ਪਹਿਲਾਂ
ਮਹਿਮਾਨ ਲਈ ਛਿੱਲੇ
ਸੰਤਰੇ ਦੀਆਂ ਫਾੜ੍ਹੀਆਂ ਦਾ ਰਸ
ਕਬਜ਼ਾ ਨਹੀਂ ਕਰਨਾ ਮੈਂ
ਤੇਰੇ ਤੇ
ਤੂੰ ਮਿਲ
ਮੇਰੇ ਰੁੱਸੇ ਗੁਆਂਢੀ ਨੂੰ
ਹਸਪਤਾਲ ਕਿਸੇ ਮਰੀਜ਼ ਨੂੰ
ਮਸਤੀ ਚ ਨਚਦੇ ਫਕੀਰ ਨੂੰ
ਤੂੰ ਚਲੀ ਜਾ ਇਸ ਵੇਲੇ
ਕਿਸੇ ਹੋਰ ਲੋੜਵੰਦ ਕੋਲ
ਮਿਲੀਂ ਫਿਰ
ਇਸੇ ਤਰ੍ਹਾਂ ਸਬੱਬੀਂ
ਘੁੰਮਦਿਆਂ ਘੁੰਮਾਉਂਦਿਆਂ
ਪਹਾੜੀ ਮੈਦਾਨੀ ਸਫ਼ਰ '

ਘੋੜੇ ਤੇ ਚੜਿਆ ਜਾਂਦਾ ਕੌਣ
ਜੋ ਰੁਕਿਆ ਨਹੀਂ।।

ਜਿੰਦ ਦਾ ਚਰਖਾ
ਕਈ ਕਈ ਵਾਰ
ਕਰਨ ਲੱਗੇ
ਕਵਿਤਾ ਜਿਹੀਆਂ ਗੱਲਾਂ

ਦੱਸਣ ਲੱਗੇ
ਬਹੁਤ ਪਹਿਲਾਂ
ਹੋਣੈ ਇਸ ਤਰਾਂ
ਇਸ ਤਰਾਂ ਨਹੀਂ
ਇਹ ਗੱਲ ਤਾਂ
ਇਸ ਤਰਾਂ ਦੀ ਸੀ
ਤੂੰ ਕਿਸ ਤਰਾਂ ਸਮਝੀ

ਔਖਾ ਨਹੀਂ ਇਹ ਕੰਮ
ਪਲਾਂ ਛਿਣਾਂ
ਸਭ ਕਾਸੇ ਤੋਂ ਪਾਰ ਹੋ ਜਾਵੇ

ਹੈਰਾਨ ਹੋਵਾਂ
ਸੰਦੂਕੋਂ ਕਿਹੜੇ
ਸਾਂਭਿਆ ਉਹ ਸ਼ਬਦ ਲੱਭੇ
ਸੁਹਜ ਨਾਲ ਭਰਿਆ
ਜ਼ਿੰਦਗੀ ਨਾਲ ਮਘਿਆ
ਸੁਰਤਾਂ ਜਗਾਉਂਦਾ

ਮਾਂ ਜਿੰਦ ਦਾ ਚਰਖਾ ਕਤਦੀ
ਦੁੱਖ ਸੁੱਖ ਦੇ ਗਲੋਟੇ ਲਾਹੁੰਦੀ
ਵਹਿ ਜਾਂਦੀ
ਕਿਸੇ ਡੂੰਘੇ ਵਹਿਣੀਂ
ਲੰਮੀ ਹੇਕ ਦੇ ਗੀਤ ਗਾਉਂਦੀ ।।
ਸਾਰੇ ਸੋਹਣੇ

ਕਵਿਤਾ ਲਿਖਦਾ
ਚਾਅ ਦੇ ਖੰਭ ਲੱਗ ਜਾਂਦੇ
ਤਿੱਤਰ ਖੰਭੀ ਬੱਦਲਾਂ ਨੂੰ ਛੇੜਦਾ
ਕਿਸੇ ਪੰਛੀ ਨਾਲ ਖਹਿੰਦਾ

ਸੁਣਾਉਣ ਦੀ ਕਾਹਲ ਹੋ ਜਾਂਦੀ
ਰਸੋਈ ਚ ਤਵੇ ਫੁਲ਼ਦੀ ਰੋਟੀ
ਮੈਨੂੰ ਹਾਕ ਮਾਰਦੀ

ਕ੍ਰਿਕਟ ਖੇਡ ਕੇ ਮੁੜੇ ਬੇਟੂ ਲਈ
ਕਵਿਤਾ ਦਾ ਬੱਲਾ ਘੰਮਾਉਂਦਾ
ਲੰਮੀ ਡਾਈ ਮਾਰ ਕੈਚ ਕਰ ਲੈਂਦਾ ਉਹ

ਬੇਟੀ ਕੰਪਿਉਟਰ ਤੇ ਰੰਗ ਭਰਦੀ
ਸੁਣਦੀ ਕਵਿਤਾ ਮੇਰੀ
ਹਰ ਵਾਰ ਦੀ ਤਰ੍ਹਾਂ
ਕਰਦੀ ਸ਼ਰਾਰਤ
ਵਾਹ ! ਵਾਹ !!
ਫਿਰ ਗੱਲ੍ਹ ਤੇ ਉਂਗਲ ਰੱਖਦੀ
ਕੁਝ ਸੋਚਣ ਲਗਦੀ
ਕੈਮਰਾ ਚੱਕਦੀ ਤੇ ਆਖਦੀ
ਖੜ੍ਹੇ ਰਹੋ ਇਸੇ ਤਰ੍ਹਾਂ
ਫੋਟੋ ਖਿਚਦੀ ਹਾਂ ਥੋਡੀ
ਕਵਿਤਾ ਲਿਖਣ ਵੇਲੇ
ਕਿੰਨੇ ਸੋਹਣੇ ਹੋ ਜਾਂਦੇ ਹੋਂ
ਮੈਂ ਉਹਦਾ ਮੱਥਾ ਚੁੰਮਦਾ
ਮਹਿਸੂਸ ਕਰਦਾ

ਸਾਰੇ ਸੋਹਣੇ ।।

ਬਿਨ ਕੰਧਾਂ ਦਾ ਲਾਲ ਕਿਲਾ

ਕੀ ਪਰਵਾਹ ਉਹਨੂੰ ਕਿਸੇ ਦੀ
ਨੱਚਦਾ ਗਾਉਂਦਾ
ਟਿਕਟ ਲਾਲ ਕਿਲੇ ਨੂੰ ਦੇਖਣ ਦੀ 
ਹੱਥਾਂ 'ਚ ਲਹਿਰਾਉਂਦਾ
ਇਸ ਤਰਾਂ ਲੱਗੇ
ਜਿਉਂ ਜਿੱਤ ਦਾ ਝੰਡਾ ਝੁਲਾਉਂਦਾ
ਚਾਂਭਲਿਆ ਉਹ
ਜੀਭ ਕਢਦਾ ਮੇਰੇ ਵੱਲ
ਨਾਲ ਦੀ ਨੂੰ ਅੱਖ ਮਾਰਦਾ....
ਗੇਟ ਕੀਪਰ ਨੇ ਨਹੀਂ ਜਾਣ ਦਿੱਤਾ ਅੰਦਰ ਉਹਨੂੰ
ਟਿਕਟ ਹੋਣ ਦੇ ਬਾਵਜੂਦ
ਉਹ ਰੁਕਿਆ ਇਕ ਪਲ
ਹੱਸਿਆ ਖੁਲ੍ਹ ਕੇ
ਨੱਚਦਾ ਗਾਉਂਦਾ
ਟਿਕਟ ਨੂੰ ਹੱਥਾਂ ਚ ਲਹਿਰਾਉਂਦਾ
ਵਾਪਸ ਮੁੜਿਆ
ਜਿਵੇਂ ਜਿੱਤ ਦਾ ਝੰਡਾ ਗੱਡ
ਮੁੜ ਰਿਹਾ ਹੋਵੇ....
ਕੀ ਪਰਵਾਹ ਉਹਨੂੰ ਕਿਸੇ ਦੀ ।।
ਖਜੁਰਾਹੋ

ਮੈਂ ਇਥੇ ਪਹਿਲਾਂ ਵੀ ਆਇਆ ਹਾਂ
ਤੈਨੂੰ ਜੇ ਯਾਦ ਹੈ
ਨਾਲ ਸੀ ਤੂੰ ਵੀ
ਉਦੋਂ ਅਜੇ ਨਹੀਂ ਸੀ ਇੱਥੇ
ਬੰਦੇ ਦੀ ਇਹ ਕਲਾ
ਨਹੀਂ ਸੀ ਰੂਪ ਗੁਲਾਬੀ
ਪੱਥਰਾਂ ਦਾ ਇਹ
ਉਦੋਂ ਇੱਥੇ ਕੁਦਰਤ ਦੀ ਕਲਾ ਸੀ
ਰੁੱਖ ਤਲਾਅ 
ਸ਼ੇਰ ਚੀਤੇ
ਮਸਤ ਹਾਥੀ
ਉਦੋਂ ਪਸ਼ੂਆਂ ਪੰਛੀਆਂ ਜਿਹੇ
ਨੰਗ ਮੁਨੰਗੇ ਸੀ ਆਪਾਂ
ਮੂਰਤੀਆਂ ਨੂੰ ਛੁੰਹਦਿਆਂ
ਮੰਦਰਾਂ ਨੂੰ ਤਕਦਿਆਂ
ਯਾਦ ਆਇਆ ਵਾਰ ਵਾਰ
ਮੈਂ ਇੱਥੇ ਪਹਿਲਾਂ ਵੀ ਆਇਆ ਹਾਂ
ਯਾਦ ਨਹੀ ਤੈਨੂੰ ?
ਹਾਂ
ਇਹ ਉਹੀ ਰਾਜਾ ਸੀ
ਜਿਸ ਦਾ ਨਾਂ
ਮੈਂ ਅੱਜ ਥਾਂ ਥਾਂ
ਖਜੁਰਾਹੋ ਦੇ ਇਤਿਹਾਸ 'ਚ ਪੜਿਆ ਹੈ
ਜੇ ਨਾ ਹੁੰਦਾ ਇਹ ਰਾਜਾ
ਤਾਂ ਕਲਾ ਮੇਰੀ ਇਹ
ਕਾਰੀਗਰੀ ਸ਼ਿਲਪ
ਮਰ ਜਾਣਾ ਸੀ ਨਾਲ ਮੇਰੇ
ਜੋ ਛੱਡ ਗਿਆਂ ਹਾਂ ਹੁਣ ਇਥੇ
ਇਹਨਾਂ ਮੰਦਰਾਂ ਦੇ
ਅੰਦਰ
ਬਾਹਰ
ਕੀ ਹੋਇਆ ਨਾਂ ਨਹੀਂ ਮੇਰਾ ਕਿਤੇ
ਦੇਖਦਾਂ ਮੁੜ
ਮੈਂ ਆਪਣੀ ਹੀ ਕਲਾ
ਯਾਦ ਆ ਰਿਹਾ ਹੈ ਸਭ ਕੁਝ
ਛੈਣੀ ਦਾ ਚਲਨਾ
ਅੰਗ ਅੰਗ ਦਾ ਘੜ੍ਹੇ ਜਾਣਾ
ਘੜ੍ਹੇ ਅੰਗਾਂ ਤੇ
ਆਪ ਹੀ ਮੋਹਿਤ ਹੋ ਜਾਣਾ
ਮੈਂ ਇਥੇ ਪਹਿਲਾਂ ਵੀ ਆਇਆ ਹਾਂ
ਉਦੋਂ ਭਰ ਗਿਆ ਸੀ
ਮੂੰਹ ਮੇਰਾ
ਦੁੱਧ ਦੇ ਸਵਾਦ ਨਾਲ
ਹੁਣ ਜਦ ਦੇਖ ਰਿਹਾਂ
ਤਾਂ ਭਰ ਗਿਆਂ
ਇਕ ਅਨੋਖੀ ਤਾਂਘ ਨਾਲ
ਮੈਂ ਇਥੇ ਪਹਿਲਾਂ ਵੀ ਆਇਆ ਹਾਂ
ਨਾਲ ਸੀ ਤੂੰ ਵੀ
ਯਾਦ ਹੈ ਤੈਨੂੰ


ਕਲਾ
ਦੁੱਖ
ਪੰਡ ਡੱਡੂਆਂ ਦੀ
ਗੰਢ ਖੋਲਾਂ
ਬੁੜਕਦੇ ਖਿਲਰ ਜਾਣ
ਘਰ ਦੇ ਚਾਰ ਚੁਫੇਰ
ਹਰ ਰੋਜ਼
ਗੰਢ ਇਕ ਹੋਰ ਮਾਰਾਂ
ਇਸ ਗੰਢੜੀ ਉਪਰ
ਕਲਾ ਇਹੋ ਮੇਰੀ
ਦਿਸਣ ਨਾ ਦੇਵਾਂ
ਸਿਰ ਚੱਕੀ ਗੰਢੜੀ ਇਹ
ਬੱਚਿਆਂ ਨੂੰ ।।

ਇਨਕਲਾਬ ਦੂਰ ਨਹੀਂ

ਇਨਕਲਾਬ ਦੂਰ ਨਹੀਂ
ਬਹੁਤ ਨੇੜੈ ਹੈ
ਆਉਂਦੇ ਜਾਂਦੇ ਹਰ ਸਾਹ ਨਾਲ
ਜਿੰਦਾਬਾਦ ਹੁੰਦਾ
ਮੈਂ ਸੋਚ ਰਿਹਾ ਸਾਂ
ਬਾਹਰੋਂ ਦਹਿਲੀਜ਼ ਤੋਂ
ਠੁਰ ਠੁਰ ਕਰਦੇ ਬੱਚੇ ਦੀ
ਕੰਬਦੀ ਆਵਾਜ਼ ਆਉਂਦੀ ਹੈ
ਹਵਾ ਨਾਲ ਉਡਦੀ
ਉਹ ਆਪਣੀ ਫ਼ਟੀ ਕਮੀਜ਼ ਨੂੰ
ਫੜ੍ਹ ਫੜ੍ਹ ਰੋਕਦਾ ਹੈ
ਮੈਂ ਆਪਣੇ ਬੇਟੂ ਦੀਆਂ ਚੱਪਲਾਂ
ਉਹਦੇ ਪੈਰਾਂ ਨੂੰ ਦਿੰਦਾ ਹਾਂ
ਇਕ ਉੱਚੀ ਹੋਈ ਪੁਰਾਣੀ ਸਵੈਟਰ
ਉਹਦੇ ਗਲ 'ਚ ਪਾਉਂਦਾ ਹਾਂ
ਖਾਣ ਲਈ
ਹੁਣੇ ਹੁਣੇ ਤਵੇ ਤੋਂ ਲਹਿਆ
ਪਰੌਂਠਾ ਦਿੰਦਾ ਹਾਂ
ਮੈਂ ਇਨਕਲਾਬ ਜਿੰਦਾਬਾਦ ਦੇ
ਨਾਅਰੇ ਲਾਉਂਦਾ
ਰਸੋਈ 'ਚ ਬੈਠੇ
ਆਪਣੇ ਬੇਟੂ ਦੀ ਬਾਂਹ ਫੜ੍ਹ
ਹਵਾ 'ਚ ਲਹਿਰਉਂਦਾ ਹਾਂ
ਕਮਰੇ 'ਚ ਫੈਲ੍ਹ ਜਾਂਦੀ ਹੈ
ਇਕ ਅਨੋਖੀ ਧੁਨੀ
ਭਮੰਤਰਿਆ ਬੇਟੂ
ਮਾਂ ਵੱਲ ਵਿੰਹਦਾ
ਕੀ ਹੋ ਗਿਆ ਪਾਪਾ ਨੂੰ
ਪੁਛਦਾ ਹੈ
ਪਤਨੀ ਪਾਣੀ ਦਾ ਗਲਾਸ ਦਿੰਦੀ
ਮੇਰੇ ਤਪਦੇ ਮੱਥੇ 'ਤੇ ਹੱਥ ਰਖਦੀ
ਸੋਚਦੀ ਹੈ
ਜਦੋਂ ਤੋਂ ਸੰਭਲੀ ਹੈ ਸੁਰਤ ਬੇਟੇ ਦੀ
ਪਹਿਲੀ ਵਾਰ ਪਿਆ ਹੈ
ਅਜਿਹਾ ਦੌਰਾ...
ਦੌਰਾ! ਮੈਂ ਚੌਂਕਦਾ ਹਾਂ
ਬੇਟੂ ਦਾ ਮੱਥਾ ਚੁੰਮਦਾ
ਸਹਿਜ ਹੋਣ ਦੀ ਕੋਸ਼ਿਸ਼ ਕਰਦਾ ਹਾਂ
ਟੁੱਟ ਜਾਂਦਾ ਹੈ ਸੁਪਨਾ
ਖੁੱਲ੍ਹ ਜਾਂਦੀ ਹੈ ਅੱਖ
ਕਿਉਂ ਆਇਆ ਇਹ ਸੁਪਨਾ ਮੈਂਨੂੰ

ਪਿਤਾ

ਤੁਸੀਂ ਕਦੇ
ਗਾਰਾ ਬਣਾਉਂਦੇ
ਮਜ਼ਦੂਰ ਦੇ ਪੈਰਾਂ ਨੂੰ
ਦੇਖਿਆ ਹੈ
ਉਹ ਫੈਲੇ ਹੁੰਦੇ ਨੇ
ਚਾਰੋਂ ਤਰਫ਼
ਰੁੱਖ ਦੀਆਂ ਜੜ੍ਹਾਂ ਵਾਂਗ
ਉਸ ਤੋਂ ਵੱਡਾ ਨਹੀਂ ਕੋਈ ਨ੍ਰਿਤਕ
ਤੁਸੀਂ ਕਦੇ
ਸੱਤਵੀਂ ਸਤਾਰਵੀਂ ਅਸੰਖਵੀਂ ਮੰਜ਼ਲ 'ਤੇ
ਕੰਮ ਕਰਦੇ
ਮਿਸਤਰੀ ਨੂੰ ਦੇਖਿਆ ਹੈ
ਉਹ ਸੁਨੀਤਾ ਵਿਲੀਅਮਜ਼ ਦੇ
ਮੋਢੇ ਨਾਲ ਮੋਢਾ ਜੋੜ
ਕਰ ਰਿਹਾ ਹੈ ਅਨੰਤ ਖੋਜਾਂ
ਪੁਲਾੜ ਯਾਤਰੀ ਹੈ ਪਿਤਾ ਮੇਰਾ ।।

ਪਹਿਲੀ ਪੁਲਾਂਘ
ਬੇਟੀ ਨੇ
ਪਹਿਲੀ ਪੁਲਾਂਘ ਭਰੀ
ਇਕ ਰੁੱਖ ਨੇ ਜਿਵੇਂ
ਦੂਜੇ ਨੂੰ ਕਿਹਾ
ਚੱਲ ਆਪਾਂ ਵੀ ਸਿਖੀਏ ਤੁਰਨਾ
ਘੰਮ ਫਿਰ ਕੇ
ਦੇਖੀਏ ਦੁਨੀਆਂ
ਮੁਦਤ ਤੋਂ ਖੜ੍ਹੇ
ਇਕ ਥਾਂਵੇਂ
ਅੱਕ ਥੱਕ ਗਏ ਹਾਂ
ਸੁਨੇਹਾ ਇਹ ਪਹੁੰਚ ਗਿਆ
ਪਲੋ ਪਲੀ
ਸਭ ਰੁੱਖਾਂ ਕੋਲ
ਹਸਦੇ ਡਿਗਦੇ
ਉਠਦੇ ਹਸਦੇ
ਤੁਰਨਾ ਸਿੱਖਣ ਲੱਗੇ ਰੁੱਖ ।।
ਖ਼ਿਆਲ
ਹੁਣੇ ਤੇਰਾ ਖਿਆਲ ਆਇਆ
ਤੇ ਮਿਲ ਪਈ ਤੂੰ
ਤੂੰ ਮਿਲੀ
ਤੇ ਆਖਣ ਲੱਗੀ
ਹੁਣੇ ਤੇਰਾ ਖਿਆਲ ਆਇਆ
ਤੇ ਮਿਲ ਪਿਆ ਤੂੰ
ਹਸਦਿਆਂ ਹੱਸਦਿਆਂ
ਆਇਆ ਦੋਹਾਂ ਨੂੰ ਖਿਆਲ
ਜੇ ਨਾ ਹੁੰਦਾਖਿਆਲ
ਤਾਂ ਇਸ ਦੁਨੀਆਂ '
ਕੋਈ ਕਿਵੇਂ ਮਿਲਦਾ
ਇਕ ਦੂਜੇ ਨੂੰ ।।
ਦੁਖ-ਸੁਖ

ਮੈਂ ਘਾਹ 'ਤੇ ਬੈਠਾ
ਦੇਖ ਰਿਹਾਂ
ਅਕਾਸ਼ ਵੰਨੀਂ
ਪੰਛੀ ਇਕ ਸਹਿਜ
ਉਚੀ ਉਡਾਣ 'ਤੇ ਹੈ
ਥੋੜ੍ਹਾ ਚਿਰ ਪਹਿਲਾਂ
ਘਾਹ ਮੇਰਾ ਗੁਰੂ
ਹੁਣ ਮੈਂ
ਪੰਛੀ ਦਾ ਸ਼ਿਸ਼ ਹਾਂ।।
ਹਿਲਦਾ ਹੱਥ

ਇਕ ਅਣਜਾਣ ਆਦਮੀ ਦੌੜਦਾ
ਲੰਘ ਜਾਂਦਾ ਕੋਲ ਦੀ ਮੇਰੇ
ਬਿਨ ਰੁਕਿਆਂ ਹੱਥ ਹਿਲਾਉਂਦਾ
ਹਿਲਦਾ ਹੱਥ ਉਹੀ ਧੜਕਦਾ
ਦਿਲ ਅੰਦਰ ਮੇਰੇ ।।
ਸਫਰ

ਗੱਡੀ 'ਚ ਸਫਰ ਕਰਦਿਆਂ
ਕੋਈ ਸੌਂਦਾ ਹੈ
ਕੋਈ ਪੜ੍ਹਦਾ ਹੈ
ਕੋਈ ਨਾਲ ਦੀ ਸਵਾਰੀ ਨਾਲ
ਗੱਲਾਂ 'ਚ ਮਗਨ ਹੈ
ਕੋਈ ਬਾਹਰ ਖੇਤਾਂ '
ਖੜ੍ਹੇ ਰੁੱਖਾਂ ਨੂੰ
ਪਿਛਾਂਹ ਦੌੜਦੇ ਤਕਦਾ ਹੈ
ਕਰਦਿਆਂ ਇਸ ਤਰ੍ਹਾਂ
ਕਈ ਵਾਰ
ਜਾਣਾ ਹੁੰਦਾ ਹੈ ਗੱਡੀ ਨੇ
ਦਿਲੀ
ਪਰ ਮੁਸਾਫਰ ਕੋਈ
ਪਹੁੰਚ ਜਾਂਦਾ ਹੈ
ਲਾਹੌਰ ।।

ਆਨੰਦ

ਮੈਂ ਤੇ ਉਹ
ਖੂਬ ਲੜੇ ਅੱਜ
ਗੁੱਭ ਗੁਬਾਰ ਕੱਢ ਦਿੱਤਾ ਬਾਹਰ
ਰੱਦੀ ਵਾਲੇ ਮੁੰਡੇ ਨੂੰ
ਦੇ ਦਿੱਤਾ
ਘਰ ਦਾ ਕਬਾੜ ।।
ਗੁਆਂਢੀ
ਸਾਹਮਣੀ ਕੰਧ ਤੇ
ਰੇਖਾਵਾਂ ਚ ਉਕਰਿਆ ਬਰੈਖਤ
ਅਪਣੀਆਂ ਐਨਕਾਂ ਵਿਚਦੀ
ਕਿਸ ਨਾਟਕ ਨੂੰ ਦੇਖ ਰਿਹਾ ਹੈ

ਬਾਰੀ ਖੋਲ੍ਹਦਾਂ
ਯਾਦ ਆਉਂਦਾ ਹੈ ਪਾਬਲੋ ਨੈਰੂਦਾ
ਉਹਦਾ ਪਿਆਰ      ਬਸੰਤ ਰੁੱਤ
ਲਹਿ ਲਹਾਉਂਦਾ ਚੈਰੀ ਦਾ ਰੁੱਖ

ਚਾਹ ਦੀ ਘੁੱਟ ਭਰਦਿਆਂ
ਸਾਂਭਦਾ ਹਾਂ ਮੇਜ਼ ਉਪਰ ਪਿਆ
ਪਿਕਾਸੋ ਦਾ ਉਹ ਚਿਤਰ
ਕਿਸੇ ਟਰੰਕ ਚ ਬੰਦ ਪਿਆ
ਕਰੋੜਾਂ ਡਾਲਰਾਂ ਚ ਹੋ ਸਕਦੀ ਹੈ ਨਿਲਾਮੀ ਇਹਦੀ

ਦਸਤਕ ਹੁੰਦੀ ਹੈ ਦਰਵਾਜ਼ੇ ਤੇ
ਮੇਰਾ ਗੁਆਂਢੀ
ਸੁਬ੍ਹਾ ਸੁਬ੍ਹਾ ਇਹ ਦੱਸਣ ਆਇਆ ਹੈ
ਕਿ ਉਹਦੀ ਪਿਆਰੀ ਹਿਨਾ ਨੇ
ਪੰਜ ਕਤੂਰਿਆਂ ਨੂੰ ਜਨਮ ਦਿੱਤਾ ਹੈ
ਮੈਂ ਉਹਦੇ ਚਾਅ ਚ ਸ਼ਰੀਕ ਹੁੰਦਾ
ਬਰੈਖਤ ਨੇਰੂਦਾ ਤੇ ਪਿਕਾਸੋ ਨੂੰ ਪੁਛਦਾ

ਕਿਹੋ ਜਿਹੇ ਸਨ ਥੋਡੇ ਗੁਆਂਢੀ ।।
ਟਮਾਟਰ
ਦੇਖੋ ਦੇਖੋ
ਰੱਬ ਦਾ ਕਮਾਲ
ਟਮਾਟਰ ਨੇ ਲਾਲੋ ਲਾਲ

ਇਹ ਮੇਰੀ ਨਹੀਂ
ਕੁਦਰਤ ਦੀ ਕਵਿਤਾ ਹੈ

ਜਿਸ ਨੂੰ ਸਬਜ਼ੀ ਵੇਚਣ ਵਾਲਾ
ਆਪਣੇ ਆਰ ਪਰਵਾਰ ਲਈ
ਗਾ ਰਿਹਾ ਹੈ

ਦੇਖੋ ਦੇਖੋ
ਬੰਦੇ ਦਾ ਕਮਾਲ
ਟਮਾਟਰ ਨੇ ਲਾਲੋ ਲਾਲ ।।
ਹੱਸਪੁਰਾ ਤਿੰਨ ਕਿਲੋਮੀਟਰ
ਅਜੀਬ ਮੀਲ-ਪੱਥਰ
ਅਦਭੁਤ ਪਿੰਡ ਦਾ ਨਾਂ

ਮੇਰੇ ਅੰਦਰ ਜਾਗਦਾ ਇਕ ਨਵਾਂ ਸੰਸਾਰ
ਹੱਸਪੁਰਾ ਪੜ੍ਹਦਿਆਂ

ਹਸਦੇ ਲੋਕ
ਕਿੰਨੇ ਸੋਹਣੇ
ਸੁਖੀ ਖੁਸ਼ੀ ਗਾਉਂਦੇ ਨਚਦੇ

ਤੁਰਨ ਲਗਦਾਂ ਫਿਰ
ਹੱਸਪੁਰਾ- ਤਿੰਨ ਕਿਲੋਮੀਟਰ

ਤੀਹ ਸਾਲ ਹੋ ਗਏ ਮੈਨੂੰ
ਸੱਠ ਪਿਤਾ ਨੂੰ
ਨੱਬੇ ਦਾਦੇ ਨੂੰ

ਮੀਲ-ਪੱਥਰ ਸਾਹਮਣੇ
ਲਿਖਿਆ ਹੈ
ਹੱਸਪੁਰਾ- ਤਿੰਨ ਕਿਲੋਮੀਟਰ

ਕਿਥੇ ਹੈ ਹੱਸਪੁਰਾ
ਕਿਸ ਨੂੰ ਪੁਛਦਾਂ
ਕੌਣ ਉਤਰ ਦਿੰਦਾ

ਤਿੰਨ ਕਿਲੋਮੀਟਰ ਦੀ ਕਿਹੜੀ ਗੱਲ
ਤਿੰਨ ਕਦਮ
ਤਿੰਨ ਪਲ
ਬਸ ਆਏ ਕਿ ਆਏ

ਸਾਹਮਣੇ ਹੁੰਦਾ ਹੈ ਮੀਲ-ਪੱਥਰ
ਹੱਸਪੁਰਾ ਤਿੰਨ ਕਿਲੋਮੀਟਰ ।।
ਨਿਊਟਨ ਦਾ ਸੇਬ
ਸੇਬ
ਨਿਊਟਨ ਦੇ ਸਿਰ ਤੇ ਵੱਜਿਆ
ਜਾਂ ਉਹਦੇ ਸਾਹਮਣੇ
ਧਰਤੀ ਦੇ ਸਿਰ ਤੇ

ਪਰ ਇਹ ਗੱਲ ਪੱਕੀ
ਉਦੋਂ ਨਿਊਟਨ ਦਾ ਸਿਰ ਹਿੱਲਿਆ
ਧਰਤੀ ਨੂੰ ਚਾਅ ਚੜ੍ਹਿਆ

ਇਕਦਮ ਉਹ
ਨਿਊਟਨ ਬਣ ਗਿਆ

ਆਪਣੇ ਕੱਪੜਿਆਂ ਦੀ
ਪਰਵਾਹ ਨਹੀਂ ਸੀ ਕੀਤੀ
ਇਕ-ਅਧ ਵਾਰ ਹੀ ਨਹਾਇਆ
ਜ਼ਿੰਦਗੀ ਚ ਉਹ

ਕਿਹੋ ਜਿਹਾ ਹੋਵੇਗਾ
ਨਿਊਟਨ ਲਈ
ਸੇਬ ਦਾ ਸੁਆਦ

ਧਰਤੀ ਪੁਛਦੀ ਰਹੇਗੀ
ਰਹਿੰਦੀ ਦੁਨੀਆਂ ਤਕ
ਹਰ ਬੱਚੇ ਨੂੰ
ਇਹ ਸੁਆਲ
ਜਦੋਂ ਜਦੋਂ ਚੱਖੇਗਾ ਉਹ
ਸੇਬ ਨੂੰ ਪਹਿਲੀ ਵਾਰ ।।

ਵਿਕਿਆ ਹੋਇਆ ਮਕਾਨ ਤੇ ਉਹ ਚਿੜੀ
ਆਪਣੇ ਵਿਕੇ ਹੋਏ ਮਕਾਨ
ਬਸ ਆਖਰੀ ਪਹਿਰ ਹੋਰ ਰੁਕਣਾ ਹੈ

ਇਹ ਕਿਉਂ ਵਿਕਿਆ      ਕਿਵੇਂ ਵਿਕਿਆ
ਸਭ ਨੂੰ   ਸਭ ਕੁਝ       ਦੱਸਣਾ ਪੈਣਾ ਹੈ

ਪਤਨੀ ਭੈਣ ਭਰਾ ਛੋਟਾ
ਬੰਨ੍ਹ ਰਹੇ ਨੇ ਸਮਾਨ ਸਾਰਾ
ਇਸੇ ਤਰਾਂ    ਮਾਂ ਮੇਰੀ ਬੰਨ੍ਹ ਰਹੀ
ਸਮੇਤ ਸਾਡੇ
ਆਪਣੇ ਆਪ ਨੂੰ
ਸਾਹਸ ਦੀ ਗੰਢੜੀ

ਪਿਤਾ ਬਹੁਤ ਹੀ ਪਿਆਰ ਨਾਲ
ਲਦਵਾ ਰਿਹਾ ਹੈ ਸਮਾਨ
ਇਕ ਤੋਂ ਬਾਅਦ ਦੂਜੀ ਚੀਜ਼
ਸਿਆਣਪ ਦੀ ਪੂਰੀ ਤਾਣ ਲਾਉੰਦਾ
ਸਮੇਤ ਸਾਡੇ
ਉਹ ਆਪਣੇ ਦਿਲ ਨੂੰ
ਟੁੱਟਣਤੋਂ ਬਚਾਉਂਦਾ ਹੈ

ਛੱਡ ਛਡਾ ਦਿੰਦਾ ਹਾਂ
ਘੜੀਆਂ ਘੜਾਈਆਂ ਦਲੀਲਾਂ ਦੀ ਦੀਵਾਰ ਪਿੱਛੇ
ਮਾਂ ਦੀਆਂ ਭਰੀਆਂ ਅੱਖਾਂ
ਪਿਤਾ ਦਾ ਡੋਲਦਾ ਮਨ
ਪਤਨੀ ਦੀ ਝੂਠੀ ਮੁਸਕਰਾਹਟ
ਬੇਟੇ ਦਾ ਭਵੰਤਰਿਆ  ਚਿਹਰਾ
ਮੈਂ ਆਪਣੇ ਸਮੇਤ
ਸਭ ਨੂੰ ਢਾਰਸ ਬੰਨ੍ਹਾਉਂਦਾ ਹਾਂ
ਪਤਾ ਨ੍ਹੀਂ ਕਿਹੜੀ ਤਾਕਤ ਨਾਲ

ਥਾਂਵਾਂ ਕੰਧਾਂ ਬੂਹੇ ਬਾਰੀਆਂ ਵੀ ਧੜਕਣ
ਜਾਣਿਆਂ ਪਹਿਲੀ ਵਾਰ
ਵਿਕੇ ਹੋਏ ਮਕਾਨ ਨੂੰ ਵਿਦਾ ਆਖਦਿਆਂ
ਯਾਦ ਆਈ ਉਹ ਚਿੜੀ
ਜਿਹਦੇ ਬਾਰੇ ਰੋਜ਼ ਰਾਤ ਨੂੰ
ਸੁਣਾਉਂਦਾ ਸਾਂ ਸੁਖਨ ਆਪਣੇ ਨੂੰ
ਕਿੰਨੀਆਂ ਕਹਾਣੀਆਂ

ਪਹਿਲੀ ਵਾਰ ਰਹਿ ਰਹੇ ਹਾਂ
ਕਿਰਾਏ ਦੇ ਮਕਾਨ
ਓਪਰੇ ਓਪਰੇ ਸਭ ਕੁਝ ਨੂੰ
ਬਦਲ ਰਹੇ ਹਾਂ ਆਪਣੇ
ਸਹਿਜ ਹੋਣ ਲਈ
ਕਰਦੇ ਹਾਂ
ਕੁਝ ਹੋਰ ਦਿਨਾਂ ਦੀ ਉਡੀਕ

ਮਾਂ ਪਿਤਾ ਸੰਕਟ ਨਿਵਾਰਨ ਲਈ
ਕਿਸੇ ਤੀਰਥ ਇਸ਼ਨਾਨ ਤੇ
ਜਾਣ ਬਾਰੇ ਸੋਚਦੇ

ਮੈਂ ਕਵਿਤਾ ਦੇ
ਦੁਆਰ
        ਦੀਆਂ
                ਪੌੜੀਆਂ ਤੇ
ਨਤਮਸਤਕ ਹੁੰਦਾ ਹਾਂ

ਸਾਹਮਣੇ  ਚਹਿ ਚਹਾ ਰਹੀ ਹੁੰਦੀ ਹੈ
ਉਹ ਚਿੜੀ ।।
ਕਾਮਰੇਡ
ਸਭ ਤੋਂ ਪਿਆਰਾ ਲਫਜ਼ ਕਾਮਰੇਡ ਹੈ

ਕਦੇ ਕਦੇ ਮੁਖਾਤਿਬ ਹੁੰਦਾ
ਆਪਣੇ ਆਪ ਨੂੰ
ਇਸ ਲਫਜ਼ ਨਾਲ

ਜਾਗਦਾ ਮੇਰੇ ਅੰਦਰ
ਇਕ ਨਿੱਕਾ ਜਿਹਾ ਕਾਰਲ ਮਾਰਕਸ
ਦੁਨੀਆਂ ਬਦਲਣਾ ਚਾਹੁੰਦਾ
ਜੇਨੀ ਲਈ ਲਿਖਦਾ ਪਿਆਰ ਕਵਿਤਾਵਾਂ

ਲਓ ! ਮੈਂ ਆਖਦਾਂ
ਕਾਮਰੇਡ

ਕਵਿਤਾ ਲਿਖਦਾ
ਆਪਣੇ ਆਪ ਨੂੰ ਬਦਲਣ ਦੀ
ਨਿੱਕੀ ਜਿਹੀ ਕੋਸ਼ਿਸ਼ ਕਰਦਾ ।।
ਚਾਰ ਪਹਿਰ
ਸਫੇਦ  ਨੀਲਾ ਹਲਕਾ
ਸੰਤਰੀ ਗੂੜ੍ਹਾ
ਤਰਾਂ ਤਰਾਂ ਦੇ ਖੰਭ ਬਦਲਦਾ

ਛੋਟਾ ਜਿਹਾ
ਹੋਰ ਵੱਡਾ
ਫੈਲ ਜਾਂਦਾ      ਸਾਰੇ ਅਕਾਸ਼

ਸਵੇਰ ਦਾ ਪੰਛੀ ਮੁਸਕਰਾਉਂਦਾ
ਖੁਲ੍ਹੀਆਂ ਅੱਖਾਂ ਲਈ
ਚਮਕ   ਤਪਸ਼  ਸਿਖਰ
ਫੈਲਦਾ ਤੋਲਦਾ ਪਰ

ਦੁਪਹਿਰ ਦਾ ਪੰਛੀ
ਸਭ ਦੇ ਸਿਰਾਂ ਤੇ ਹੁੰਦਾ

ਸਭ ਦੇ ਪਰਛਾਵੇਂ
ਸਭ ਦੇ ਪੈਰਾਂ ਹੇਠ ਦਬਦਾ
ਸੰਤਰੀ
ਠੰਢੇ ਰੰਗਾਂ ਦੇ ਖੰਭ
ਆਲ੍ਹਣੇ ਵੱਲ ਉਡਾਰੀ

ਸਥਿਰ    ਬਿਨ ਕਿਸੇ ਹਿੱਲ-ਜੁਲ
ਹੌਲੇ ਹੌਲੇ ਉਡਦਾ
ਸ਼ਾਮ ਦਾ ਪੰਛੀ

ਜਿਉਂ ਨਿਬੇੜ ਲਏ ਹੋਣ
ਸਾਰੇ ਕੰਮ
ਆਉਂਦੀ ਹੈ ਵਾਰੀ
ਰਾਤ ਦੇ ਪੰਛੀ ਦੀ

ਸੁਰਮਈ    ਨੀਲਾ ਫਿਕਾ
ਤਾਰਿਆਂ ਦਾ ਤਾਜ ਪਹਿਨੀ

ਉਹ ਗਾਉਂਦਾ
ਚੁੱਪ ਦਾ ਗੀਤ ।।
ਘਰ ਦੀ ਪਿਛਲੀ ਕੰਧ
ਘਰ ਦੀ ਪਿਛਲੀ ਕੰਧ ਨਾਲ
ਮੈਂ ਗੱਲੀਂ ਪੈ ਗਿਆ

ਉਹ ਆਖਣ ਲੱਗੀ
ਮੈਂ ਤੇਰੇ ਪਿਉ ਦਾਦੇ ਪੜਦਾਦੇ
ਤੇਰੇ ਪੁਰਖਿਆਂ ਜਿਹੀ ਹਾਂ

ਘਰ ਪੂਰਾ     ਕੰਧਾਂ ਦੂਜੀਆਂ
ਬੂਹੇ ਬਾਰੀਆਂ   ਆਉਣ ਜਾਣ  ਸਭ
ਮੇਰੇ ਕਰਕੇ ਸੁਰੱਖਿਅਤ ਹੈ

ਮੈਂ ਮੁਖ-ਦੁਆਰ ਵੱਲ ਵੇਖ
ਮੁਸਕਰਾਉਂਦਾ  ਹਾਂ


ਉਹ ਪਿਛਲੀ ਕੰਧ ਦੀਆਂ
ਗੱਲਾਂ  ਨੂੰ
ਸੋਲਾਂ ਆਨੇ ਸੱਚ ਆਖਦਾ
ਖੁਲ੍ਹ ਜਾਂਦਾ ਹੈ
ਘਰ ਆਏ ਮਹਿਮਾਨ ਲਈ ।।
ਪਿਆਰ ਕਰਨ ਵੇਲੇ
ਪਿਆਰ ਕਰਨ ਵੇਲੇ
ਯਾਦ ਨਾ ਕਰੋ ਬੱਚਿਆਂ ਨੂੰ
ਕਦੇ ਵੀ ਗੱਲ ਨਾ ਛੇੜੋ
ਦੋਸਤਾਂ ਦੀ
ਜ਼ਿਕਰ ਨਾ ਕਰੋ
ਰਿਸ਼ਤੇਦਾਰਾਂ ਦਾ

ਪਿਆਰ ਕਰਨ ਵੇਲੇ
ਨਾ ਰਸੋਈ ਵੱਲ ਦੇਖੋ
ਨਾ ਹੀ ਬਾਹਰਲੇ ਬੂਹੇ ਹੁੰਦੀ
ਦਸਤਕ ਸੁਣੋ

ਪਿਆਰ ਕਰਨ ਵੇਲੇ
ਬਾਦਸ਼ਾਹ ਬਣ ਜਾਵੋ
ਖ਼ਾਕ ਚ ਰਲ ਜਾਵੋ ।।
ਬੰਤ ਸਿੰਘ ਝੱਬਰ ਨੂੰ ਮਿਲਦਿਆਂ
ਹਵਾ ਜਾਣਦੀ ਹੈ
ਇਹ ਬੰਤ ਸਿੰਘ ਝੱਬਰ ਦਾ ਘਰ ਹੈ
ਉਹ ਘਰ ਦੀ ਹਰ ਸ਼ੈਅ ਨੂੰ
ਛੁਹ ਛੁਹ ਕੇ ਲੰਘਦੀ ਹੈ
ਚੰਡੀਗੜੋਂ ਨਿਰੁਪਮਾ ਦੱਤ ਜੋ ਆਈ ਹੈ

ਪਤੀਲੀ
ਰਿੱਝ ਰਹੀ ਹੈ ਚਾਹ
ਛਟੀਆਂ ਦੀ ਅੱਗ ਦੀਆਂ ਲਾਟਾਂ
ਬਾਹਾਂ ਉਲਾਰ ਉਲਾਰ
ਨਾਅਰੇ ਲਾ ਰਹੀਆਂ ਨੇ

ਕੁੜੀਓ ! ਚੁੱਪ ਕਰੋ
ਮੈਂ ਗਾਉਂਦਾ ਹਾਂ
ਬੋਲਿਓ ਨਾ

ਆਵਾਜ਼ ਨੂੰ ਪਤਾ ਹੈ
ਉਹਦੇ ਧੁਰ ਅੰਦਰ
ਕੀ ਰਿੱਝ ਰਿਹਾ ਹੈ

ਬੰਤ ਸਿੰਘ ਗਾਉਂਦਾ ਹੈ
ਬੁਲੰਦ ਆਵਾਜ਼ ਨਾਲ
ਸੰਗਤ ਕਰ ਰਹੀਆਂ ਨੇ
ਹਵਾ ਮਿੱਟੀ ਤੇ ਅਗਨ ।।
ਮਸ਼ੀਨੀ ਹੱਥ
ਕਰਦਾ ਹੈ ਪੂਰਾ ਕੰਮ
ਪੁਛਦੀ ਹੈ ਨਿਰੁਪਮਾ ਦੱਤ

ਹਾਂ ਜੀ ਪੂਰੇ ਤੋਂ
ਵੱਧ ਕੰਮ
ਕਰਦਾ ਹੈ ਹੱਥ ਮੇਰਾ

ਝੰਡਾ ਫੜ੍ਹ ਲੈਂਦਾ ਹੈ
ਉੱਚਾ ਚੱਕਣ ਲਈ
ਲਹਿਰਾਉਣ ਲਈ
ਮਾਈਕ ਫੜ੍ਹ ਲੈਂਦਾ ਹੈ
ਗਾਉਣ ਲਈ
ਡਾਂਗ ਚੱਕ ਲੈਂਦਾ ਹੈ
......
ਮੈਂ ਦੇਖ ਰਿਹਾਂ
ਸਾਹਮਣੇ ਅਪਣੇ
ਹਜ਼ਾਰਾਂ ਹੱਥਾਂ ਵਾਲਾ ਆਦਮੀ

ਕਿਸੇ ਇਤਿਹਾਸ ਮਿਥਿਹਾਸ ਦਾ ਪਾਤਰ ਨਹੀਂ
ਕਿਸੇ ਦੇਵੀ ਦੇਵਤੇ ਦਾ ਚਿਤਰ ਨਹੀਂ

ਜਿਉਂਦਾ ਜਾਗਦਾ
ਹੱਡ ਮਾਸ ਦਾ ਆਦਮੀ ।।
ਦਾਦਾ ਮੇਰਾ ਧੰਨਾ ਸਿੰਘ ਸੀ
ਅੱਠ-ਪੋਰੀ ਦੀ ਡਾਂਗ ਰੱਖਦਾ

ਪਿੰਡ ਨੂੰ ਪਤਾ ਲੱਗ ਜਾਂਦਾ
ਜਦੋਂ ਉਹ ਖੰਘੂਰਾ ਮਾਰਦਾ

ਦਸਦਾ ਬੰਤ ਸਿੰਘ ਆਖਣ ਲੋਕੀਂ
ਮੈਂ ਉਹਦੇ ਤੇ ਗਿਆ ਹਾਂ

ਦੇਸ਼ ਆਜ਼ਾਦ ਹੈ
ਉਹਦੀਆਂ ਅੱਖਾਂ ਦਗਦੀਆਂ
ਪਿੰਡ ਦੀ ਇਕ ਮਾਈ ਨੇ ਮੁਠੀ ਵੱਟ ਹਵਾ ਚ ਲਹਿਰਾਈ
ਤੇ ਆਖਿਆ : ਲਾਲ ਸਲਾਮ ।।
ਵਿਸ਼ਵਰੂਪ ਗਿਆਨ-ਗੁਰੂ
ਬੰਤ ਸਿੰਘ ਨੂੰ
ਵਿਸ਼ਵ-ਗੁਰੂ ਮੰਨਦਾ ਹੈ

ਇੱਛਾ ਉਹਦੀ ਗਾਵੇ
ਉਹਦੇ ਲਈ ਬੰਤ ਸਿੰਘ
ਦੋ ਸਤਰਾਂ ਹੀ ਗਾਵੇ ਭਾਵੇਂ
ਉਹਦੀ ਭਾਸ਼ਾ

ਪਰ ਗਾ ਨਹੀਂ ਸਕਿਆ
ਸ਼ਬਦ ਵੀ
ਵਾਰ ਵਾਰ ਕੋਸ਼ਿਸ਼ ਕਰਨ ਤੇ
ਆਖਣ  ਲੱਗਿਆ ਆਖਰ

ਅਪਣਾ ਟਰੈਕਟਰ ਤਾਂ
ਕਿਤੇ ਵੀ ਚਲਾ ਲਵਾਂ
ਟੋਇਆਂ ਟਿੱਬਿਆਂ
ਖੇਤਾਂ ਖੇਤਾਨਾਂ

ਪਰ ਤੇਰੀ ਕਾਰ ਤਾਂ ਮੈਥੋਂ
ਸੜਕ ਤੇ ਵੀ ਨਾ ਚੱਲੇ ।।
ਸੋਚਦੇ ਹੋਂ
ਬੰਤ ਸਿੰਘ ਝੱਬਰ
ਝੱਬਰਾਂ ਦਾ ਉਹੀ ਬੰਤ ਸਿੰਘ
ਜਿਸ ਤੇ ਹਮਲਾ ਹੋਇਆ ਕੱਲ੍ਹੇ ਤੇ

ਬਚ ਗਿਆ ਪੀਜੀ ਆਈ ਜਾ ਕੇ
ਦਿੱਲੀ ਹਸਪਤਾਲ ਚ ਪੁਛਦੇ ਰਹੇ
ਡਾਕਟਰ ਉਹਨੂੰ
ਜਿਵੇਂ ਮਨਮੋਹਨ ਸਿੰਘ ਹੋਵੇ

ਪਰ ਕਿੰਨੇ ਹੀ ਬੰਤ ਸਿੰਘ ਨੇ
ਝੱਬਰ ਦੇ ਨਹੀਂ ਕੋਟ ਲੱਲੂ ਦੇ
ਬੱਪੀਆਣੇ ਦੇ
ਜਾਂ ਫਿਰ ਖੁਡਾਲਾਂ ਦੇ ਨਹੀਂ
ਝੰਡਾ ਕਲਾਂ ਦੇ ਨੇ

ਮਰ ਗਏ ਨੇ ਬਿਨਾਂ ਕਿਸੇ ਕੁੱਟ ਤੋਂ
ਨਹੀਂ ਹਨ ਉਹਨਾ ਦੇ ਲੱਤਾਂ ਬਾਹਾਂ
ਲੱਤਾਂ ਬਾਹਾਂ ਹੋਣ ਦੇ ਬਾਵਜੂਦ

ਬੰਤ ਸਿੰਘ ਨਹੀਂ ਜਾਣਦਾ
ਉਹ ਕੀ ਹੈ
ਉਸ ਉਪਰ ਕੋਈ
ਕਿਉਂ ਲਿਖ ਰਿਹਾ ਹੈ ਕਿਤਾਬ
ਕੋਈ ਕਿਉਂ ਬਣਾ ਰਿਹਾ ਹੈ ਫਿਲਮ
ਕੋਈ ਕਿਉਂ ਖਿੱਚ ਰਿਹਾ ਹੈ ਫੋਟੋਆਂ
ਦਿਖਾ ਰਿਹਾ ਹੈ ਕਲਾ ਪਾਰਖੂਆਂ ਨੂੰ

ਬੰਤ ਸਿੰਘ
ਝੱਬਰਾਂ ਦਾ ਬੰਤ ਸਿੰਘ ਹੈ
ਨਹੀਂ ਜਾਣਦਾ
ਕਿਉਂ ਲਿਖੀਆਂ ਮੈਂ
ਬੰਤ ਸਿੰਘ ਤੇ ਕਵਿਤਾਵਾਂ
ਨਹੀਂ ਜਾਣਦਾ
ਇਹ ਕਿਤਾਬਾਂ ਫਿਲਮਾਂ ਫੋਟੋਆਂ
ਬੰਤ ਸਿੰਘ ਝੱਬਰ ਦੀਆਂ ਨੇ
ਜਾਂ ਕਿਸੇ ਹੋਰ ਦੀਆਂ ।।
ਨੀਂਦ
ਕੀ ਹਾਲ ਐ
ਹਰਨਾਮ ਤੇਰਾ

ਥੋੜ੍ਹਾ ਚਿਰ ਪਹਿਲਾਂ
ਮੈਂ ਤੇਰੀ ਤਲੀ ਤੋਂ
ਚੱਕਿਆ ਠਹਾਕਾ ਤੇਰਾ

ਸਭ ਕਾਸੇ ਤੋਂ ਬਚ ਬਚਾ
ਲੈ ਆਇਆ
ਉਸ ਬੱਚੇ ਕੋਲ
ਜੋ ਗਈ ਰਾਤ ਤੱਕ
ਮਾਂਜ਼ ਰਿਹਾ ਹੈ
ਅਪਣੇ ਨਿੱਕੇ ਨਿੱਕੇ ਕੋਮਲ ਹੱਥਾਂ ਨਾਲ
ਵੱਡੇ ਵੱਡੇ ਭਾਂਡੇ

ਮੈਨੂੰ ਲਗਦੈ
ਇਸ ਤਰਾਂ ਸ਼ਾਇਦ
ਉਹਦੀਆਂ ਤਲੀਆਂ
ਘਸਣ ਤੋਂ ਬਚ ਜਾਣ

ਇਹ ਨੀੰਦ
ਜੋ ਭਟਕਦੀ ਫਿਰਦੀ ਹੈ
ਖਲਾਅ
ਜ਼ਰੂਰ ਇਸ ਬੱਚੇ ਦੀ ਹੋਵੇਗੀ

ਕੀ ਹਾਲ ਐ
ਹਰਨਾਮ ਤੇਰਾ ।।
ਦੁੱਖ ਸੁਖ
ਤੁਰਿਆ ਜਾ ਰਿਹਾਂ
ਅਪਣੇ ਆਪ ਚ ਮਗਨ

ਕੁਝ ਲੋਕ
ਮੇਰੇ ਸਿਰ ਉਗਿਆ
ਕੰਵਲ ਦੇਖਣ
ਕੁਝ ਚਿਕੜ ਲਿਬੜੇ ਪੈਰ

ਮੈਂ ਤੁਰਿਆ ਜਾ ਰਿਹਾ ।।
ਢੱਠਾ
ਦੋਹਾਂ ਤਿੰਨਾਂ ਪਿੰਡਾਂ
ਉਹ ਕੱਲਾ ਸੀ
ਮੈਂ ਹੈਰਾਨ
ਕੌਣ ਲਿਖ ਗਿਆ
ਉਹਦੀ ਢੂਹੀ ਦੇ ਇਕ ਪਾਸੇ ਠ

ਪਿੰਡ ਦੇ ਨਿੱਕੇ ਨਿਆਣਿਆਂ ਦੇ ਭਾਗੀਂ
ਗਊਆਂ ਦੁੱਧ ਰਲ ਜਾਂਦੀਆਂ
ਮੈਂ ਮਾਵਾਂ ਚਾਚੀਆਂ ਤਾਈਆਂ ਤੋਂ ਸੁਣਦਾ
ਪਰ ਕੁਝ ਸਮਝ ਨਾ ਪੈਂਦੀ

ਢੱਠਾ ਜਿਥੇ ਜੀਅ ਕਰਦਾ
ਖਰੂਦ ਪਾਉਂਦਾ
ਰੂੜੀਆਂ ਖਿਲਾਰ ਦਿੰਦਾ
ਕਦੇ ਕਦਾਈਂ ਸ਼ਾਂਤ
ਪਿੰਡ ਦੀ ਸੱਥ ਵਿਚਾਲੇ
ਇਉਂ ਲਗਦਾ
ਕੋਈ ਸਾਧ
ਸਮਾਧੀ ਲਾਈ ਬੈਠਾ

ਨਿੱਕੇ ਹੁੰਦਿਆਂ
ਮੈਂ ਹੈਰਾਨ ਹੋਈ ਜਾਂਦਾ
ਕਿਸੇ ਚਾਚੇ ਤਾਏ ਨੂੰ ਪੁਛਦਾ
ਗੁੜ੍ਹ ਖਾਣਿਆਂ ਦੇ ਭਿੰਦੇ ਨੂੰ
ਲੋਕ ਢੱਠਾ ਕਿਉਂ ਆਖਣ

ਉਹ ਹਸਦੇ
ਕੁਝ ਨਾ ਦਸਦੇ

ਇਕ ਪਲ ਮੈਂ ਸੰਙਦਾ

ਮਨ ਹੀ ਮਨ ਅਗਲੇ ਛਿਣ
ਉਹਨਾ ਨੂੰ ਢੱਠੇ ਆਖਦਾ
ਆਪ ਢੱਠਾ ਬਣ
ਉਨ੍ਹਾਂ ਦੇ ਸਿੰਙਾਂ
ਸਿੰਙ ਫਸਾ ਲੈਂਦਾ ।।
ਕਾਂ
ਕਾਂ ਕਿਧਰੇ ਦਿਸਿਆ ਨਹੀਂ ਹੁਣ
ਜੇ ਦਿਸੇ ਤਾਂ ਅਚੰਭਾ ਹੋਵੇ
ਪਿਆਰ ਆਵੇ
ਬਚਪਨ ਦੀ ਕੋਈ ਘਟਨਾ ਯਾਦ ਆਵੇ
ਜੋ ਮੈਂ ਹੁਣੇ ਸੁਣਾਈ ਅਪਣੀ ਧੀ ਨੂੰ

ਟਾਲ੍ਹੀ ਸੀ ਵਿਹੜੇ
ਮੈਂ ਰੋਟੀ ਖਾਵਾਂ
ਝੱਕਾਨੀ ਦੇ ਕੇ ਕਾਂ
ਥਾਲੀ ਮੇਰੀ ਚੋਂ ਰੋਟੀ ਲੈ ਜਾਵੇ
ਸਾਹਮਣੇ ਬਹਿ ਬਨੇਰੇ
ਬੁਰਕੀ ਬੁਰਕੀ ਖਾਵੇ

ਉਦੋਂ ਤਾਂ ਸ਼ਾਇਦ ਗੁੱਸਾ ਆਇਆ
ਜਾਂ ਪਿਆਰ
ਯਾਦ ਨਹੀਂ

ਬੇਟੀ ਖਾਤਰ
ਮੈਂ ਕਾਂ ਨੂੰ ਬੰਦੇ ਦੀ ਬੋਲੀ
ਬੋਲਣ ਲਾਵਾਂ

ਲੈ ਗਿਆ ਰੋਟੀ ਮੇਰੀ
ਤੇਰਾ ਵੀ ਕੁਸ਼ ਦੇਣਾ ਕਾਂਵਾਂ

ਨਹੀਨ ਜੀ ਦੇਣਾ ਤਾਂ ਕੁਸ਼ ਨ੍ਹੀਂ
ਭੁੱਖ ਲੱਗੀ ਸੀ
ਤੁਸੀਂ ਤਾਂ ਜੀ ਅਪਣੀ ਮਾਂ ਤੋਂ
ਹੋਰ ਵੀ ਲੈ ਲਵੋਂਗੇ ...

ਬੋਲਦੇ ਕਾਂ ਨੂੰ ਸੁਣ
ਹੈਰਾਨ ਹੋਵੇ ਧੀ ਮੇਰੀ
ਤੇ ਵਾਰ ਵਾਰ ਸੁਣੇ
ਇਹ ਘਟਨਾ
ਵਾਰ ਵਾਰ ਬੋਲਦਾ ਕਾਂ ਸੁਣੇ

ਕਾਂ ਜੇ ਜਿਉਂਦਾ ਰਹਿ ਜੇ
ਇਸ ਦੁਨੀਆਂ
ਤਾਂ ਕਵਿਤਾ ਵੀ ਰਹਿ ਜੇ ਜਿਉਂਦੀ
ਵਿਚ ਦੁਨੀਆਂ ।।
ਚਿੜੀਆਂ
ਕਿਧਰ ਗਈਆਂ ਚਿੜੀਆਂ
ਮਿਤਰ ਬਹਿ ਮਹਿਫਲ
ਲੱਗੇ ਫਿਕਰ ਕਰਨ
ਗਲਾਸੀ ਪਹਿਲੀ

ਬਣਾਉਟੀ ਆਲ੍ਹਣੇ ਬਣਾ ਬਣਾ ਉਹ
ਕੌਲਿਆਂ ਕਿੱਲਿਆਂ ਨਾਲ ਟੰਗਣ ਲੱਗੇ
ਪਾਣੀ ਦਾ ਛੰਨਾ ਭਰ
ਚੋਗ ਕੋਠੇ ਖਿਲਾਰਨ ਲੱਗੇ
ਗਲਾਸੀ ਦੂਜੀ ਤੀਜੀ

ਚੀਂ ਚੀਂ ਚਿੜੀਆਂ ਦੀ ਮਨਾਂ ਅੰਦਰ
ਚਹਿ ਚਹਾਉਣ ਲੱਗੇ
ਗਲੋਬਲ ਵਾਰਮਿੰਗ
ਸਾਇਚਨ ਗਲੇਸ਼ੀਅਰ
ਬ਼ੈਕ ਹੋਲ
ਪਾਣੀ ਘਟਣਾ
ਵਿਚੋਂ ਵਿਚੋਂ ਸਤਾਉਣ ਲੱਗੇ
ਗਲਾਸੀ ਚੌਥੀ ਪੰਜਵੀਂ

ਸਾਰੇ ਜਣੇ ਪਛਤਾਉਣ ਲੱਗੇ
ਪੱਥਰਾਂ ਦੇ ਘਰ
ਘਰ ਕਦੋਂ ਨੇ
ਬਿਲਕੁਲ ਉਵੇਂ ਆਲ੍ਹਣੇ ਬਣਾਉਟੀ
ਜੋ ਥੋੜ੍ਹਾ ਚਿਰ ਪਹਿਲਾਂ
ਚਿੜੀਆਂ ਲਈ ਟੰਗਣ ਲੱਗੇ
ਗਲਾਸੀ ਛੇਵੀਂ

ਤੇ ਸੁਬ੍ਹਾ ਉਹ
ਆਪੋ ਅਪਣੇ ਘਰਾਂ ਚ ਜਾਗੇ
ਤਾਂ ਸਿਰ ਫੜ੍ਹੇ ਹੋਏ
ਇਕ ਦੂਜੇ ਨੂੰ ਫੋਨ ਤੇ ਪੁਛਣ ਲੱਗੇ
ਰਾਤੀਂ ਜ਼ਿਆਦਾ ਪੀ ਗਏ
ਹੈਂਗ ਹੋ ਗਏ
ਕਿਹੜੀ ਗੱਲੋਂ
ਹੋਸ਼ੋਂ ਬੇਹੋਸ਼ ਹੋ ਗਏ ।।
ਡੱਡੂ
ਡੱਡੂ ਇਕ ਛਾਲਾਂ ਮਾਰਦਾ
ਮੇਰੇ ਵੱਲ ਆ ਰਿਹਾ

ਕੋਲ ਦੀ ਲੰਗ ਗਿਆ
ਉਹ ਸੱਜੇ ਹੱਥ
ਤੁਰੇ ਜਾਂਦੇ ਇਕ ਆਦਮੀ ਦੇ
ਪੈਰਾਂ ਹੇਠ ਆਉਂਦਾ ਆਉਂਦਾ ਬਚ ਗਿਆ

ਸੋਚਾਂ
ਧਮਕ ਦੇ ਅੱਖਰ
ਇਹ ਕਿਹੜੇ ਸਕੂਲ ਪੜ੍ਹਨ ਸਿੱਖਿਆ
ਐਨੀ ਖਲਕਤ
ਉਹ ਫਿਰ ਵੀ ਬਚ ਜਾਵੇ
ਪੈਰਾਂ ਹੇਠੋਂ ਆਉਣਾ

ਅਚਾਨਕ ਕਾਰ ਇਕ ਲੰਘ ਗਈ
ਉਸ ਉਪਰ ਦੀ

ਦੇਖਦਾ ਰਹਿ ਗਿਆ ਮੈਂ
ਛਾਲਾਂ ਮਾਰਦਾ ਨਹੀਂ ਸੀ ਹੁਣ

ਸੜਕ ਨਾਲ ਚਿਪਕ ਗਿਆ
ਐਵੇਂ ਹਵਾ ਭਰ ਹਿੱਲਿਆ

ਹੁਣ ਜਦੋਂ ਵੀ ਬੈਠਾਂ
ਦੋਸਤਾਂ ਦੀ ਕਾਰ ਚ ਕਿਧਰੇ
ਡੱਡੂ         ਛਾਲਾਂ
      ਇਕ          ਮਾਰਦਾ

ਮੇਰੇ ਦਿਲ ਦੀ ਸੜਕ ਤੇ ਚਿਪਕ ਜਾਂਦਾ ।।
ਸਾਰਾ ਦਿਨ
ਅੱਜ ਸਾਰਾ ਦਿਨ
ਮੀਂਹ ਪੈਂਦਾ ਰਿਹਾ

ਆਖਦਾ ਰਿਹਾ ਮੈਨੂੰ
ਕਿਣਮਿਣ ਕਿਣਮਿਣ ਦੀ ਵਾਜ਼ ਕਦੇ
ਮੋਹਲੇਧਾਰ ਫਿਰ
ਬੋਲ ਕੇ ਉੱਚੀ
ਗੱਜ ਕੇ

ਆ ਜਾ ਵਿਹੜੇ
ਨ੍ਹਾ ਲੈ ਨਾਲ ਮੇਰੇ
ਲਾਹ ਦੇ ਕੱਪੜੇ ਸਾਰੇ
ਹੋ ਜਾ ਨੰਗਾ

ਵਾਰ ਵਾਰ ਨ੍ਹੀਂ ਮਿਲਨਾ
ਇਹ ਮੌਕਾ

ਅੱਜ ਸਾਰਾ ਦਿਨ
ਮੀਂਹ ਪੈਂਦਾ ਰਿਹਾ ।।
ਚੁੱਪ ਦੀ ਕੁਟੀਆ
ਰੁੱਖ ਦੀਆਂ ਜੜ੍ਹਾਂ ਕੋਲ
ਗਹਿਰੀ ਚੁੱਪ
ਇਸੇ ਲਈ
ਫੁੱਲਾਂ ਕੋਲ ਨੇ ਅਨੇਕ ਰੰਗ
ਫਲਾਂ ਕੋਲ ਨੇ ਅਣਗਿਣ ਰਸ

ਇਸੇ ਲਈ ਪੰਛੀਆਂ ਨੇ ਚੁਣਿਆ ਇਹਨੂੰ
ਅਪਣੇ ਆਲ੍ਹਣਿਆਂ ਖਾਤਰ

ਮੈਂ ਲੰਬੇ ਤੇ ਥਕਾਵਟ ਭਰੇ ਸਫਰ
ਰੁਕਦਾ
ਘੜੀ-ਪਲ
ਇਹਦੀ ਛਾਂ ਹੇਠ

ਜੇ ਰੁੱਖ ਨਾ ਹੁੰਦਾ
ਬਿਖਰੇ ਪੈਂਡਿਆਂ ਤੇ
ਮੈਂ ਕਿਵੇਂ ਤੁਰਦਾ
ਚੁੱਪ ਕਿੱਥੇ ਵਾਸ ਕਰਦੀ ।।
ਘਰ

ਗੁੰਮ ਹੋਈਆਂ ਚੀਜ਼ਾਂ ਨੂੰ
ਲੱਭਣ ਲਈ
ਛਾਣ ਮਾਰਦੀ
ਘਰ ਦਾ ਹਰ ਖੂੰਜਾ
ਮਾਂ ਮੇਰੀ

ਬੀਵੀ ਵੀ ਹੁਣ ਇਉਂ ਹੀ ਕਰੇ
ਸਹੁਰੇ ਘਰ ਭੈਣ ਵੀ

ਚੀਜ਼ਾਂ ਦੇ ਗੁੰਮ ਹੋਣ
ਤੇ ਔਰਤਾਂ ਦੇ ਰੋਣ ਲਈ
ਜੇ ਨਾ ਹੁੰਦੇ ਘਰਾਂ ਚ ਖੂੰਜੇ

ਤਾਂ ਘਰ ਦਾ ਨਾਂ ਵੀ
ਘਰ ਨਾ ਹੁੰਦਾ ।।
ਜੜ੍ਹਾਂ

ਜਦੋਂ ਫੁਟਦੇ ਨੇ
ਛੋਟੇ ਛੋਟੇ ਕੋਮਲ ਪੱਤੇ
ਤੇ ਖਿੜਦੇ ਨੇ
ਰੰਗ ਬਰੰਗੇ ਫੁੱਲੇ

ਮੈਂ ਯਾਦ ਕਰਦਾ ਹਾਂ
ਜੜ੍ਹਾਂ ਆਪਣੀਆਂ
ਬਹੁਤ ਗਹਿਰੀਆਂ

ਜਦੋਂ ਝੜਦੇ ਨੇ ਪੱਤੇ ਪੀਲੇ
ਤੇ ਫੁੱਲ ਬੀਜ਼ ਬਣ
ਮਿੱਟੀ ਚ ਦਬ ਜਾਂਦੇ ਨੇ

ਮੈਂ ਯਾਦ ਕਰਦਾ ਹਾਂ
ਜੜ੍ਹਾਂ ਆਪਣੀਆਂ
ਬਹੁਤ ਗਹਿਰੀਆਂ ।।
ਮਕਬੂਲ ਫਿਦਾ ਹੁਸੈਨ
ਇਕ ਬੱਚਾ 
ਸੁੱਟਦਾ ਹੈ
ਮੇਰੇ ਵੱਲ
ਰੰਗ ਬਰੰਗੀ ਗੇਂਦ

ਤਿੰਨ ਟੱਪੇ ਖਾ
ਔਹ ਗਈ
ਔਹ ਗਈ

ਮੈਂ ਆਪਣੇ 'ਤੇ ਹਸਦਾ ਹਾਂ
ਗੇਂਦ ਨੂੰ ਬੁੱਚਣ ਲਈ
ਬੱਚਾ ਹੋਣਾ ਪਵੇਗਾ ।।
0

ਨੰਗੇ ਪੈਰਾਂ ਦਾ ਸਫ਼ਰ
ਮੁਕਣਾ ਨਹੀਂ
ਇਹ ਰਹਿਣਾ ਹੈ
ਸਦਾ ਜਵਾਨ

ਲੰਬੇ ਬੁਰਸ਼ ਦਾ ਇਕ ਸਿਰਾ
ਆਕਾਸ਼ 'ਤੇ ਚਿਮਨੀਆਂ ਟੰਗਦਾ ਹੈ
ਦੂਜਾ ਸਿਰਾ ਧਰਤੀ ਨੂੰ ਰੰਗਦਾ ਹੈ 

ਉਹ ਜਦੋਂ ਵੀ ਅੱਖਾਂ ਮੀਚੇ
ਦੇਖਦਾ ਹੈ
ਅਧਿਆਪਕ ਦੇ ਬਲੈਕ ਬੋਰਡ ਤੋਂ ਪਹਿਲਾਂ
ਆ ਬਹਿੰਦਾ
ਉਹਦੀ ਪੈਨਸਲ 'ਤੇ ਤੋਤਾ ।।
0

ਨੰਗੇ ਪੈਰਾਂ ਦੇ ਸਫ਼ਰ '
ਰਲੀ ਹੁੰਦੀ ਹੈ ਧੂੜ੍ਹ ਮਿੱਟੀ ਦੀ ਮਹਿਕ

ਮਚਦੇ ਪੈਰਾਂ ਹੇਠ
ਵਿਛ ਜਾਂਦੀ ਹਰੇ ਰੰਗ ਦੀ ਛਾਂ

ਸਿਆਲੀ ਦਿਨਾਂ 'ਚ ਵਿਛ ਜਾਂਦੀ ਧੁੱਪ 
ਰਾਹਾਂ '

ਨੰਗੇ ਪੈਰ ਨਹੀਂ ਪਾਏ ਜਾ ਸਕਦੇ ਪਿੰਜਰੇ '

ਨੰਗੇ ਪੈਰਾਂ ਦਾ ਹਰ ਕਦਮ
ਸੁਤੰਤਰ ਲਿਪੀ ਦਾ ਸੁਤੰਤਰ ਵਰਣ

ਪੜ੍ਹਨ ਲਈ ਨੰਗਾ ਹੋਣਾ ਪਵੇਗਾ
ਮੈਂ ਡਰ ਜਾਂਦਾ ।।
0

ਇਕ ਵਾਰ ਉਹਦੀ ਦੋਸਤ ਨੇ
ਤੋਹਫੇ ਵਜੋਂ ਦਿੱਤੀਆਂ ਦੋ ਜੋੜੀਆਂ ਬੂਟਾਂ ਦੀਆਂ
ਨਰਮ ਰੂੰ ਜਿਹਾ ਲੈਦਰ

ਕਿਹਾ ਉਹਨੇ
ਪਾ ਇਹਨਾ ਨੂੰ 
ਬਾਜਾਰ ਚੱਲੀਏ

ਪਾ ਲਿਆ ਉਹਨੇ
ਇਕ ਪੈਰ 'ਚ ਕਾਲਾ
ਦੂਜੇ ਪੈਰ 'ਚ ਭੁਰੇ ਰੰਗ ਦਾ ਬੂਟ

ਇਹ ਕਲਾਕਾਰ ਦੀ ਯਾਤਰਾ ਹੈ ।।
0

ਸ਼ੁਰੂਆਤ ਰੰਗਾਂ ਦੀ ਸੀ
ਤੇ ਆਖਰ
ਉਹ ਰਲ ਗਿਆ
ਰੰਗਾਂ '

ਰੰਗਾਂ 'ਤੇ ਕੋਈ ਮੁਕੱਦਮਾ ਨਹੀਂ ਕਰ ਸਕਦਾ
ਹੱਦ ਸਰਹੱਦ ਦਾ ਕੀ ਅਰਥ ਰੰਗਾਂ ਲਈ

ਦੁਨੀਆਂ ਦੇ ਕਿਸੇ ਕੋਨੇ
ਆਹ ਹੁਣੇ ਵਾਹ ਰਿਹਾ ਹੋਵੇਗਾ
ਕੋਈ ਬੱਚਾ
ਆਪਣੇ ਸਿਆਹੀ ਲਿਬੜੇ ਹੱਥਾਂ ਨਾਲ
ਨੀਲੇ ਕਾਲੇ
ਘੁੱਗੂ ਘੋੜੇ 

ਰੰਗਾਂ ਦੀ ਕੋਈ ਕਬਰ ਨਹੀਂ ਹੁੰਦੀ ।।
ਮੂਡ ਸਕੇਪ

ਕਿੰਨਾ ਚੰਗਾ ਹੁੰਦਾ
ਥੈਲਾ ਬੋਰੀ ਹੁੰਦਾ ਬੰਦਾ
ਆਪਣੀ ਮਾਂ
ਪਤਨੀ ਭੈਣ ਨੂੰ ਆਖਦਾ
ਪੁਠਾ ਕਰਕੇ ਝਾੜਦੇ ਮੈਨੂੰ
ਕਿੰਨਾ ਕੁਝ ਖੱਲ੍ਹਾਂ ਖੂੰਝਿਆਂ 'ਚ ਫਸਿਆ
ਤੰਗ ਕਰ ਰਿਹਾ ਹੈ ਮੈਨੂੰ
ਮੈਂ ਥੈਲਾ ਬੋਰੀ ਨਹੀਂ।।

ਹਥੌੜਾ ਤੇਸੀ ਮਾਰ ਕੇ
ਤੋੜ ਦੇਵੋ ਸਿਰ ਮੇਰਾ
ਖੋਪੜੀ 'ਚ ਜੋ ਚੱਲ ਰਿਹਾ ਹੈ
ਇਸ ਵੇਲੇ
ਕਿੰਨਾ ਗਲਤ ਹੈ
ਮੈਂ ਕਿਸੇ ਨੂੰ ਨਹੀਂ ਆਖਦਾ
ਗਲਤ
ਸਭ ਨੂੰ ਠੀਕ ਠੀਕ ਹੀ
ਆਖੀ ਜਾਂਦਾ ਹਾਂ।।

ਅੱਗ ਬਬੂਲਾ ਹੋਣ ਵਾਲੀ
ਗੱਲ 'ਤੇ ਵੀ
ਨਹੀਂ ਕਰਦਾ ਕੋਈ ਪ੍ਰਤੀਕਿਰਿਆ
ਮੈਂ ਅੰਦਰੇ ਅੰਦਰ
ਰਿੱਝੀ ਜਾਂਦਾ ਹਾਂ
ਕੋਈ ਖੋਲ੍ਹ ਕੇ ਦੇਖੇ ਮੈਨੂੰ
ਨਹੀਂ ਤਾਂ ਬਸ ਸੜ
ਜਾਵਾਂਗਾ
ਸਬਜ਼ੀ ਥੱਲ੍ਹੇ ਲਗ ਗਈ ਹੈ
ਔਰਤਾਂ ਨੂੰ ਤਾਂ ਪਹਿਲੇ ਪਲ ਹੀ
ਪਤਾ ਲਗ ਜਾਂਦਾ।।
ਅੰਤ ਨਹੀਂ

ਮੈਂ ਤਿਤਲੀ ਤੇ ਕਵਿਤਾ ਲਿਖੀ

ਦੂਰ ਪਹਾੜਾਂ ਤੋਂ
ਰਿੜਦਾ ਪੱਥਰ ਇਕ
ਮੇਰੇ ਪੈਰਾਂ ਕੋਲ
ਆ ਟਿਕਿਆ

ਮੈਂ ਪੱਥਰਾਂ ਤੇ ਕਵਿਤਾ ਲਿਖੀ

ਹਾਕ ਮਾਰੀ ਮਹਿਕ ਨੇ
ਧੌਣ ਮੋੜ
ਦੇਖਿਆ ਪਿਛਾਂਹ

ਪੰਖੜੀਆਂ ਖੋਲ ਗੁਲਾਬ
ਝੂੰਮ ਰਿਹਾ ਸੀ ਟਹਿਣੀ ਨਾਲ

ਮੈਂ ਫੁੱਲ ਤੇ ਕਵਿਤਾ ਲਿਖੀ

ਪੁੱਟਣ ਲੱਗਿਆ ਕਦਮ
ਝੱਗੇ ਦੀ ਕੰਨੀ ਚ ਫਸੇ
ਕੰਡਿਆਂ ਨੇ ਰੋਕ ਲਿਆ ਮੈਨੂੰ

ਟੁੱਟ ਨਾ ਜਾਵੇ ਕੰਡਾ
ਬੋਚ ਬਚਾ ਕੇ ਕੱਢਿਆ
ਕੰਡਿਆਂ ਤੋਂ ਬਾਹਰ
ਕੁੜਤਾ ਆਪਣਾ

ਮੈਂ ਕੰਡਿਆਂ ਤੇ ਕਵਿਤਾ ਲਿਖੀ ।।